ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਜਨਵਰੀ
ਆਮ ਆਦਮੀ ਪਾਰਟੀ ਨੇ ਅੱਜ ਕੂੜਾ ਰੇਹੜੀ ਯੂਨੀਅਨ ਦੇ ਪੱਖ ਵਿਚ ਖੜਦਿਆਂ ਨਗਰ ਨਿਗਮ ਨੂੰ ਕੂੜਾ ਚੁੱਕਣ ਵਾਲੇ ਮਜ਼ਦੂਰਾਂ ਨੂੰ ਤੰਗ ਆਉਣ ਤੋਂ ਬਾਜ਼ ਆਉਣ ਲਈ ਕਿਹਾ ਹੈ, ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਇਨ੍ਹਾਂ ਮਜ਼ਦੂਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਨਾ ਬਾਜ਼ ਆਏ ਤਾਂ ਉਹ ਨਗਰ ਨਿਗਮ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨਗੇ. ਅੱਜ ਨਗਰ ਨਿਗਮ ਦੇ ਦਫ਼ਤਰ ਅੱਗੇ ਧਰਨਾ ਦੇ ਕੇ ‘ਆਪ’ ਨੇ ਸ਼ੁਰੂਆਤ ਕਰ ਦਿੱਤੀ ਹੈ, ਨਗਰ ਨਿਗਮ ਦੇ ਮੇਅਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਕਾਲੀਆਂ ਝੰਡੀਆਂ ਦਿਖਾਈਆਂ। ‘ਆਪ’ ਦੇ ਸੂਬਾ ਜਨਰਲ ਸਕੱਤਰ ਪ੍ਰਿ. ਜੇਪੀ ਸਿੰਘ ਨੇ ਕਿਹਾ ਹੈ ਕਿ ਨਗਰ ਨਿਗਮ ਪਟਿਆਲਾ ਵੱਲੋਂ ਨਿਯੁਕਤ ਕੀਤੀ ਹਰੀ ਭਰੀ ਕੰਪਨੀ ਦੇ ਕਰਮਚਾਰੀਆਂ ਵੱਲੋਂ ਪਟਿਆਲਾ ਸ਼ਹਿਰ ਤੋਂ ਕੂੜਾ ਨਾ ਚੁੱਕਣ ਲਈ ਧਮਕੀ ਦਿੱਤੀ ਜਾ ਰਹੀ ਹੈ। ਕੂੜਾ ਚੁੱਕਣ ਵਾਲਿਆਂ ਨੂੰ ਹਰੀ ਭਰੀ ਕੰਪਨੀ ਦੇ ਕਰਮਚਾਰੀ ਕੁੱਟ ਰਹੇ ਹਨ ਅਤੇ ਕੂੜਾ ਚੁੱਕਣ ਵਾਲਿਆਂ ਦੀਆਂ ਰੇਹੜੀਆਂ ਨੂੰ ਪਿਸਤੌਲ ਦੀ ਨੋਕ ’ਤੇ ਖੋਹਿਆ ਜਾ ਰਿਹਾ ਹੈ। ਇਸ ਗੁੰਡਾਗਰਦੀ ਵਿਰੁੱਧ ਕੂੜਾ ਰੇਹੜੀ ਯੂਨੀਅਨ ਅਤੇ ਆਮ ਆਦਮੀ ਪਾਰਟੀ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਧਰਨੇ ਵਿਚ ਜੇਪੀ ਸਿੰਘ, ਸਾਬਕਾ ਜਨਰਲ ਸਕੱਤਰ ਪੰਜਾਬ, ਕੁੰਦਨ ਗੋਗੀਆ ਸਾਬਕਾ ਜ਼ਿਲ੍ਹਾ ਪ੍ਰਧਾਨ, ਸੰਦੀਪ ਬੰਧੂ ਸਾਬਕਾ ਮੀਡੀਆ ਇੰਚਾਰਜ, ਵਰਿੰਦਰ ਗੌਤਮ ਸਾਬਕਾ ਜਨਰਲ ਸਕੱਤਰ ਯੂਥ ਵਿੰਗ ਸ਼ਾਮਲ ਹੋਏ। ਕੂੜਾ ਰੇਹੜੀ ਯੂਨੀਅਨ ਦੇ ਪ੍ਰਧਾਨ ਦੀਪਕ ਸਹੋਤਾ ਤੇ ਰਿਸ਼ੀ ਨੇ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਅਧਿਕਾਰੀ ਸਾਡੇ ’ਤੇ ਹਰੀ ਭਰੀ ਕੰਪਨੀ ਨਾਲ ਕੰਮ ਕਰਨ ਲਈ ਦਬਾਅ ਪਾ ਰਹੇ ਹਨ। ਇਸ ਮੌਕੇ ਪਹੁੰਚੇ ਗੋਲੂ ਰਾਜਪੂਤ, ਹਰੀ ਚੰਦ ਬਾਂਸਲ, ਬਿੱਟੂ ਸਿੰਘ, ਸੰਨ੍ਹੀ ਡਾਬੀ, ਨਦੀਮ ਖ਼ਾਨ, ਕਮਲ ਕੁਮਾਰ, ਗੁਰੀ, ਇੰਦਰ ਅਤੇ ਰੇਹੜੀ ਯੂਨੀਅਨ ਵੱਲੋਂ ਦੀਪਕ ਸਹੋਤਾ ਪ੍ਰਧਾਨ, ਰਿਸ਼ੀ ਪ੍ਰਧਾਨ, ਸੰਤ ਰਾਮ, ਮਨੋਜ ਕੁਮਾਰ ਪ੍ਰਧਾਨ, ਮੰਗਲ ਪਾਂਡੇ, ਮਹਿੰਦਰ ਸਿੰਘ, ਨਰਿੰਦਰ, ਸ਼ਾਮ ਪ੍ਰਧਾਨ, ਅਮਨ, ਵਿਸ਼ਾਲ, ਨੰਨਾ, ਗੋਲਡੀ, ਆਸ਼ੂ ਲੱਡੂ, ਅਸ਼ੋਕ, ਰਾਹੁਲ, ਬੰਟੀ, ਅਨੂਪਮ, ਬੱਬਲੂ, ਰਮੇਸ਼, ਰਾਜੂ, ਸੰਨ੍ਹੀ, ਵਿਨੋਦ, ਸੁਨੀਲ, ਅਮਰੀਸ਼, ਕਾਲੂ ਖ਼ਾਨ ਆਦਿ ਮੈਂਬਰ ਹਾਜ਼ਰ ਸਨ।