ਪੱਤਰ ਪ੍ਰੇਰਕ
ਰਾਜਪੁਰਾ, 29 ਅਗਸਤ
ਉਜਾੜਾ ਰੋਕੂ ਸੰਘਰਸ਼ ਕਮੇਟੀ ਵੱਲੋਂ ਅਣਵਰਤੀ 533 ਏਕੜ ਜ਼ਮੀਨ ਵਾਪਸ ਲੈਣ ਸਮੇਤ ਹੋਰ ਮੰਗਾਂ ਲਈ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚ ਲਸ਼ਕਰ ਸਿੰਘ ਸਰਦਾਰਗੜ੍ਹ, ਰਜਿੰਦਰ ਸਿੰਘ, ਦਰਬਾਰਾ ਸਿੰਘ, ਜੋਧ ਸਿੰਘ, ਪੱਪੂ ਰਾਮ, ਬਲਜੀਤ ਸਿੰਘ, ਕਰਮ ਸਿੰਘ, ਸੁਰਜੀਤ ਸਿੰਘ, ਨਿਰੰਜਣ ਸਿੰਘ, ਅਮਨਦੀਪ ਸਿੰਘ ਅਤੇ ਜੋਰਾ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਥੋਂ ਦੇ ਫੁਆਰਾ ਚੌਕ ਵਿੱਚ ਧਰਨਾ ਦੇ ਰਹੇ ਕਿਸਾਨਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਉਪਰ ‘ਸਾਜਿਸ਼ ਨਾਲ ਸਾਡੀਆਂ ਲੁੱਟੀਆਂ ਜ਼ਮੀਨਾਂ ਵਾਪਸ ਕਰੋ’, ‘ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਭੰਗ ਕਰੋ’, ‘28 ਸਾਲ ਤੋਂ ਵਹਿਲੀ ਪਈ 533 ਏਕੜ ਜ਼ਮੀਨ ਅਸਲ ਜ਼ਮੀਨ ਮਾਲਕਾਂ ਨੂੰ ਵਾਪਸ ਕਰੋ’ ਆਦਿ ਨਾਅਰੇ ਲਿਖੇ ਹੋਏ ਸਨ। ਇਸ ਮੌਕੇ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ 28 ਸਾਲ ਪਹਿਲਾਂ ਕਾਰਪੋਰੇਟ ਘਰਾਣੇ ਲਈ ਸਸਤੇ ਭਾਅ 8 ਪਿੰਡਾਂ ਦੀ 1119 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ ਜਿਸ ਵਿੱਚੋਂ 533 ਏਕੜ ਜ਼ਮੀਨ ਅਜੇ ਵੀ ਅਣਵਰਤੀ ਪਈ ਹੈ ਜੋ ਭੋਂ ਪ੍ਰਾਪਤੀ ਕਾਨੂੰਨ 2014 ਤਹਿਤ ਸਬੰਧਤ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ।