ਖੇਤਰੀ ਪ੍ਰਤੀਨਿਧ
ਪਟਿਆਲਾ, 14 ਜੂਨ
ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ, ਲੇਖਕਾਂ ਅਤੇੇ ਵਕੀਲਾਂ ਦੀ ਰਿਹਾਈ ਅਤੇ ਲੋਕ ਹਿਤਾਂ/ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲ਼ਿਆਂ ’ਤੇ ਹੋ ਰਹੇ ਹਮਲਿਆਂ ਖਿਲਾਫ ਮਨਾਏ ਜਾ ਰਹੇ ‘ਚੇਤਨਾ ਪੰਦਰਵਾੜੇ’ ਤਹਿਤ ‘ਜਮਹੂਰੀ ਅਧਿਕਾਰ ਸਭਾ ਪਟਿਆਲਾ’ ਵੱਲੋਂ ਪ੍ਰਧਾਨ ਡਾ.ਰਣਜੀਤ ਘੁੰਮਣ ਦੀ ਅਗਵਾਈ ਹੇਠਾਂ ਰੋਸ ਰੈਲੀ ਕੀਤੀ ਗਈ ਜਿਸ ਦੌਰਾਨ ‘ਸੰਯੁਕਤ ਕਿਸਾਨ ਮੋਰਚਾ’ ਦੇ ਆਗੂ ਵੀ ਸ਼ਾਮਲ ਹੋਏ।
ਮੁੱਖ ਬੁਲਾਰੇ ਵਜੋਂ ਉੱਘੇ ਅਰਥ ਸ਼ਾਸਤਰੀ ਤੇ ਜਮਹੂਰੀ ਹੱਕਾਂ ਦੇ ਕਾਰਕੁਨ ਡਾ. ਸੁੱਚਾ ਸਿੰਘ ਗਿੱਲ ਨੇ ਦੇਸ਼ ਵਿੱਚ ਜਮਹੂਰੀ ਹੱਕਾਂ ਦੇ ਹਾਲਾਤ, ਵਿਚਾਰਾਂ ਦੇ ਪ੍ਰਗਟਾਵੇ ’ਤੇ ਰੋਕਾਂ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਲੋਕਾਂ ਨੂੰ ਜੇਲ੍ਹੀਂ ਡੱਕਣ ਵਰਗੇ ਭਖਵੇਂ ਮੁੱਦਿਆਂ ’ਤੇ ਵਿਸਥਾਰ ’ਚ ਚਰਚਾ ਕੀਤੀ। ਉਨ੍ਹਾਂ ਬੁੱਧੀਜੀਵੀਆਂ, ਲੇਖਕਾਂ, ਜਮਹੂਰੀ ਕਾਰਕੁਨਾਂ, ਵਕੀਲਾਂ, ਕਲਾਕਾਰਾਂ ਤੇ ਟਰੇਡ ਯੂਨੀਅਨ ਆਗੂਆਂ ਦੀ ਰਿਹਾਈ ਸਮੇਤ ਝੂਠੇ ਕੇਸ ਬਣਾਉਣ ਦਾ ਰੁਝਾਨ ਬੰਦ ਕਰਨਲ ਤੇ ਯੂ.ਏ.ਪੀ.ਏ. ਦੀ ਦੁਰਵਰਤੋਂ ਬੰਦ ਕਰਨ ਦੀ ਮੰਗ ਵੀ ਕੀਤੀ। ਇਸੇ ਤਰ੍ਹਾਂ ਲਾਇਰਜ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜੀਵ ਲੋਹਟਬੱਧੀ ਨੇ ਵੀ ਅਜਿਹੇ ਹੀ ਮੁੱਦੇ ਉਠਾਏ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਡਾ. ਰਣਜੀਤ ਘੁੰਮਣ, ਸਕੱਤਰ ਵਿਧੂ ਸ਼ੇਖਰ ਭਾਰਦਵਾਜ, ਮਨਜੀਤ ਨਿਆਲ ਤੇ ਜਗਤਾਰ ਕਾਲਾਝਾੜ, ਰਣਜੀਤ ਸਵਾਜਪੁਰ, ਹਰਭਜਨ ਬੁੱਟਰ ਤੇ ਰਾਜਵਿੰਦਰ ਕੌਰ, ਗੁਰਬਚਨ ਕਨਸੂਹਾ ਤੇ ਜਗਮੇਲ ਸੁੱਧੇਵਾਲ, ਦਵਿੰਦਰ ਪੂਨੀਆ, ਕਾਮਰੇਡ ਹਰੀ ਸਿੰਘ ਦੌਣਕਲਾਂ, ਸੰਦੀਪ ਕੌਰ, ਰਾਓਗਜਿੰਦਰ ਸਿੰਘ ਕਾਕਾ, ਜਨਕ ਸਿੰਘ ਮਾਜਰੀ ਸਮੇਤ ਜਸਦੇਵ ਨੂਗੀ, ਹਰਵਿੰਦਰ ਕਾਲਵਾ, ਪੰਮਾ ਪਨੌਦੀਆਂ ਆਦਿ ਨੇ ਵੀ ਸ਼ਿਰਕਤ ਕੀਤੀ।