ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੁਲਾਈ
ਰਾਜਿੰਦਰਾ ਹਸਪਤਾਲ ਦੇ ਵੱਖ ਵੱਖ ਵਰਗਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਸਰਕਾਰੀ ਛੁੱਟੀ ਦੇ ਬਾਵਜੂਦ ਸੰਘਰਸ਼ ’ਚ ਡਟੇ ਰਹੇ। ਇਨ੍ਹਾਂ ਕਰਮਚਾਰੀਆਂ ਵਿਚ ਚੌਥਾ ਦਰਜਾ ਮੁਲਾਜ਼ਮ, ਕੰਟਰੈਕਟ ਅਤੇ ਆਊਟ ਸੋਰਸ ਮੁਲਾਜ਼ਮ, ਕਰੋਨਾ ਯੋਧੇ, ਨਰਸਿੰਗ ਸਟਾਫ਼ ਸਮੇਤ ਹੋਰ ਵਰਗਾਂ ਦੇ ਮੁਲਾਜ਼ਮ ਸ਼ਾਮਲ ਸਨ। ਇਸ ਮੌਕੇ ਚੌਥਾ ਦਰਜਾ ਕਰਮਚਾਰੀ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਰਾਜਿੰਦਰ ਹਸਪਤਾਲ ਵਿੱਚ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ, 29 ਜੁਲਾਈ ਨੂੰ ਮੁਕੰਮਲ ਹੜਤਾਲ ਕਰ ਕੇ ਮਹਾਰੈਲੀ ਕਰਨ ਦਾ ਐਲਾਨ ਵੀ ਕੀਤਾ ਗਿਆ। ਮੁਲਾਜ਼ਮ ਆਗੂਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਰਕਚਾਰਜ, ਡੇਲੀਵੇਜ਼, ਕੰਟਰੈਕਟ, ਆਊਟ-ਸੋਰਸ ਸਮੇਤ ਪਾਰਟ ਟਾਈਮ ਕਰਮਚਾਰੀ ਇਥੇ ਡੇਢ ਡੇਢ ਦਹਾਕੇ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਯੋਧਿਆਂ, ਨਰਸਿੰਗ ਸਟਾਫ ਅਤੇ ਮਲਟੀਟਾਸਕ ਵਰਕਰ ਸਮੇਤ ਸਾਰੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਰੈਗੂਲਰ ਕੀਤੇ ਜਾਣ।। ਅਖੀਰ ਵਿੱਚ ਮੁਜ਼ਾਹਰਾਕਾਰੀ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠਾਂ ਯੂਨੀਅਨ ਆਗੂ ਮੇਅਰ ਸੰਜੀਵ ਬਿੱਟੂ ਦੀ ਸਰਕਾਰੀ ਰਿਹਾਇਸ਼ ’ਤੇ ਪੁੱਜੇ ਜਿਥੇ ਮੇਅਰ ਦੇ ਨਾ ਹੋਣ ਕਾਰਨ ਪੀ.ਆਰ.ਓ ਵਿਨੈ ਸ਼ੋਰੀ ਨੇ ਮੁਲਾਜ਼ਮਾਂ ਤੋਂ ਮੰਗ ਪੱਤਰ ਹਾਸਲ ਕੀਤਾ ਤੇ ਮੇਅਰ ਤੱਕ ਪੁੱਜਦਾ ਕਰਨ ਦਾ ਭਰੋਸਾ ਦਿਵਾਇਆ।