ਖੇਤਰੀ ਪ੍ਰਤੀਨਿਧ
ਪਟਿਆਲਾ, 18 ਸਤੰਬਰ
11 ਸਾਲਾਂ ਤੋਂ ਰੈਗੂਲਰਾਈਜ਼ੇਸ਼ਨ ਦੀ ਉਡੀਕ ਕਰ ਰਹੇ ਓ.ਡੀ.ਐੱਲ. ਅਧਿਆਪਕਾਂ (3442, 7654, 5178 ਵਿਭਾਗੀ ਭਰਤੀਆਂ) ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ 180 ਈ.ਟੀ.ਟੀ. ਅਧਿਆਪਕਾਂ ’ਤੇ ਜਬਰੀ ਥੋਪਿਆ ਨਵਾਂ ਤਨਖ਼ਾਹ ਸਕੇਲ ਰੱਦ ਕਰਕੇ ਈ.ਟੀ.ਟੀ. ਦੀ 4500 ਭਰਤੀ ਦੇ ਸਾਰੇ ਲਾਭ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਡੀ.ਟੀ.ਐੱਫ.ਦੀ ਅਗਵਾਈ ਵਿੱਚ ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋ. 6505 (ਜੈ ਸਿੰਘ ਵਾਲਾ) ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਵੱਲੋਂ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਚੋਣ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਸ਼ਾਲ ‘ਇਨਸਾਫ ਰੈਲੀ’ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕਰਨ ਲਈ ਮੀਟਿੰਗ ਇਥੇ ਨਹਿਰੂ ਪਾਰਕ ਵਿੱਚ ਕੀਤੀ ਗਈ।
ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ, ਗੁਰਪ੍ਰੀਤ ਸਿੰਘ, ਹਰਿੰਦਰ ਕੁਮਾਰ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ (ਪ੍ਰਾਇਮਰੀ) ਅਧੀਨ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ’ਤੇ ਰੈਗੂਲਰ ਭਰਤੀ ਹੋਏ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰਨ ਖਤਮ ਕਰਦਿਆਂ ਮੁਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਸੀ। ਨਾਲ ਹੀ ਨਿਯਮਾਂ ਤੋਂ ਉਲਟ ਮਈ 2021 ਵਿੱਚ ਇਨ੍ਹਾਂ ਅਧਿਆਪਕਾਂ ਉੱਪਰ ਮੁੜ ਤੋਂ ਪਰਖ ਸਮਾਂ ਤੇ ਨਵਾਂ ਤਨਖਾਹ ਸਕੇਲ ਮੜ ਦਿੱਤਾ ਗਿਆ। ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਅਧੀਨ 7654, 3442, 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕਾਂ ਨੂੰ ਕ੍ਰਮਵਾਰ ਸਾਲ 2014, 2016 ਤੇ 2017 ਵਿੱਚ ਰੈਗੂਲਰ ਕੀਤਾ ਜਾ ਚੁੱਕਾ ਹੈ, ਪਰ 125 ਤੋਂ ਵਧੇਰੇ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਨਾਲ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਹੈ। ਜਦੋਂਕਿ ਕਈ ਭਰਤੀਆਂ ਦੇ ਸੈਂਕੜੇ ਓ.ਡੀ.ਐੱਲ. ਅਧਿਆਪਕ ਰੈਗੂਲਰ ਵੀ ਹੋ ਚੁੱਕੇ ਹਨ। ਹਜ਼ਾਰਾਂ ਓ.ਡੀ.ਐੱਲ. ਅਧਿਆਪਕਾਂ ਦੀ ਪ੍ਰਮੋਸ਼ਨ ਹੋ ਚੁੱਕੀ ਹੈ ਤੇ ਸਾਲ 2019 ਵਿੱਚ ਕਰਮਜੀਤ ਕੌਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਹਾਈ ਕੋਰਟ ਵੱਲੋਂ ਵੀ ਇਨ੍ਹਾਂ ਦੀ ਰੈਗੂਲਰਾਈਜ਼ੇੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਅਧਿਆਪਕ ਆਗੂਆਂ ਹਰਵਿੰਦਰ ਰੱਖੜਾ, ਚਮਕੌਰ ਸਿੰਘ,ਅਮਿਤ ਭਾਟੀਆ, ਮੈਡਮ ਪੂਜਾ ਨੇ ਕਿਹਾ ਕਿ ਇਨ੍ਹਾਂ ਦੋਨੋਂ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਕਈ ਸਾਲਾਂ ਤੋਂ ਹੋ ਰਹੀ ਘੋਰ ਬੇਇਨਸਾਫ਼ੀ ਤੇ ਪੱਖਪਾਤ ਵਾਲੇ ਸਮਝਦੇ ਹੋਏ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਸਣੇ ਹੋਰ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਖ਼ਿਲਾਫ਼ ਹੁਣ ਫੈਸਲਾਕੁਨ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ।