ਗੁਰਨਾਮ ਸਿੰਘ ਅਕੀਦਾ
ਪਟਿਆਲਾ, 15 ਦਸੰਬਰ
ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਫਿਜ਼ੀਕਲ ਕਾਲਜ ਆਫ ਐਜੂਕੇਸ਼ਨ ਪਟਿਆਲਾ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿੱਚ ਸ਼ਾਮਲ ਕਰਨ ਦੇ ਰੋਸ ਵਜੋਂ ਚੌਥਾ ਦਰਜਾ ਮੁਲਾਜ਼ਮਾਂ ਨੂੰ ‘ਪਿਤਰੀ ਵਿਭਾਗ’ ਵਿੱਚ ਰੱਖਣ ਲਈ ਕਾਲਜ ਕੰਪਲੈਕਸ ਵਿੱਚ ਰੋਸ ਰੈਲੀ ਕੀਤੀ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਵੀ ਰੈਲੀ ਵਿੱਚ ਸ਼ਾਮਲ ਹੋ ਕੇ ਸਮਰਥਨ ਕੀਤਾ ਗਿਆ। ਇਸ ਸਬੰਧੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਕਾਲਜਾਂ) ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਇਸ ਕਾਲਜ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਨੂੰ ਡੀਸੀ ਰੇਟਾਂ ’ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਕਰਮੀਆਂ ਨੂੰ ਪਟਿਆਲਾ ਵਿਚਲੇ ਲੋਕਲ ਕਾਲਜਾਂ ਵਿੱਚ ਐਡਜਸਟ ਕੀਤਾ ਜਾਵੇ। ਇਨ੍ਹਾਂ ਕਰਮਚਾਰੀਆਂ ਨੇ 2019 ਅਤੇ 2020 ਵਿੱਚ ਪਹਿਲਾਂ ਹੀ ਲਿਖਤੀ ਰੂਪ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਸੀ। ਹੁਣ ਫਿਰ ਉੱਚ ਪੱਧਰ ’ਤੇ ਕੀਤੀ ਜਾ ਰਹੀ ਕਾਰਵਾਈ ਜਿਵੇਂ ਕਿ ਇਸ ਕਾਲਜ ਦੀ ਪ੍ਰਿੰਸੀਪਲ ਨੂੰ ਬਦਲ ਕੇ ਸ਼ੁਰੂਆਤ ਕੀਤੀ ਗਈ ਹੈ। ਹੁਣ ਕਾਲਜ ਵਿੱਚ ਕੋਈ ਵੀ ਪ੍ਰਿੰਸੀਪਲ ਨਾ ਹੋਣ ਕਰ ਕੇ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲ ਰਹੀਆਂ। ਛੇਵੇਂ ਤਨਖ਼ਾਹ ਕਮਿਸ਼ਨਰ ਦੀ ਰੋਸ਼ਨੀ ਵਿੱਚ ਨਵੇਂ ਤਨਖ਼ਾਹ ਸਕੇਲਾਂ ਤਹਿਤ ਬਾਕੀ ਕਾਲਜਾਂ ਤੇ ਵਿਭਾਗਾਂ ਵਿੱਚ ਤਨਖ਼ਾਹ ਫਿਕਸ ਕੀਤੀਆਂ ਜਾ ਚੁੱਕੀਆਂ ਹਨ।
ਕਾਲਜ ਗੇਟ ਅੱਗੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਇਸ ਕਾਲਜ ਦੇ ਚੌਥਾ ਦਰਜਾ ਮੁਲਾਜ਼ਮਾਂ ਸਣੇ (ਡੀਸੀ ਰੇਟ) ’ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਸਾਰੇ ਕਰਮਚਾਰੀਆਂ ਨੂੰ ਬਾਹਰ ਨਾ ਭੇਜਿਆ ਜਾਵੇ ਤੇ ਨਾਲ ਹੀ ਪ੍ਰਿੰਸੀਪਲ ਤਾਇਨਾਤ ਕਰ ਕੇ ਮੁਲਾਜ਼ਮਾਂ ਦੀਆਂ ਰੁਕੀਆਂ ਤਨਖ਼ਾਹਾਂ ਜਾਰੀ ਕਰਵਾਈਆਂ ਜਾਣ।
ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਰਾਮ ਲਾਲ ਰਾਮਾ, ਮਾਧੋ ਲਾਲ, ਰਾਮ ਜੋਧਾ, ਸ਼ਿਵ ਚਰਨ, ਸੁਨੀਲ ਦੱਤ, ਰਾਮ ਪ੍ਰਸਾਦ ਸਹੋਤਾ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਰਾਕੇਸ਼ ਕੁਮਾਰ, ਅਨਿਲ ਕੁਮਾਰ, ਰਾਮ ਕੈਲਾਸ਼ ਆਦਿ ਹਾਜ਼ਰ ਸਨ।