ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਜੂਨ
ਸੂਬੇ ’ਚ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਲਈ ਵਰਤੋਂ ਵਿਚ ਆਉਣ ਵਾਲੀਆਂ ਖਾਦਾਂ ਆਦਿ ਦੀ ਸਪਲਾਈ ਕਰਨ ਲਈ ਸਰਕਾਰ ਵੱਲੋਂ ਹੋਂਦ ਵਿੱਚ ਲਿਆਂਦੀਆਂ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਵੱਡੀਆਂ ਕੰਪਨੀਆਂ ਪ੍ਰੋਡਕਟ ਮੁਹੱਈਆ ਨਾ ਕਰਵਾ ਕੇ ਕਿਸਾਨਾਂ ਨਾਲ ਵਿਤਕਰਾ ਕਰ ਰਹੀਆਂ ਹਨ। ਸੁਰਜੀਤ ਸਿੰਘ ਮਾਹਲ, ਗੁਰਮੁਖ ਸਿੰਘ ਸ਼ੁਤਰਾਣਾ, ਬਲਵੀਰ ਸਿੰਘ ਨੇ ਦੱਸਿਆ ਹੈ ਕਿ ਖੇਤੀਬਾੜੀ ਸਭਾਵਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਖਾਦਾਂ ਅਤੇ ਕੀਟ-ਨਾਸ਼ਕ ਦਵਾਈਆਂ ਜ਼ਿਆਦਾਤਰ ਉਨ੍ਹਾਂ ਕੰਪਨੀਆਂ ਦੀਆਂ ਸਪਲਾਈ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਿਸਾਨ ਬਹੁਤ ਘੱਟ ਪਸੰਦ ਕਰਦੇ ਹਨ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਨ੍ਹਾਂ ਖਾਦਾਂ ‘ਤੇ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ।ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਖਾਦਾਂ ਦੇ ਵਿਕਰੇਤਾ ਰਾਹੀਂ ਲੁੱਟ ਮਚਾਉਣ ਦੀ ਛੋਟ ਦਿੱਤੀ ਹੋਈ ਹੈ ਕਿਉਂਕਿ ਇਨ੍ਹਾਂ ਕੰਪਨੀਆਂ ਨੇ ਖਾਦਾਂ ਦੇ ਨਾਲ-ਨਾਲ ਕੀਟਨਾਸ਼ਕ ਦਵਾਈਆਂ ਜਾਂ ਬਾਇਓ ਖਾਦਾਂ ਵੇਚਣੀਆਂ ਹੁੰਦੀਆਂ ਹਨ।