ਰਵੇਲ ਸਿੰਘ ਭਿੰਡਰ
ਪਟਿਆਲਾ, 19 ਜੁਲਾਈ
ਲੇਖਕ ਤੇ ਸਾਹਿਤਕਾਰਾਂ ਦੇ ਪਲੇਟਫਾਰਮ ‘ਅਦਾਰਾ ਪਰਵਾਜ਼’ ਦੇ ਕਾਰਕੁਨਾਂ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਸ਼ਹਿਰ ਪਟਿਆਲਾ, ਸਮਾਣਾ ਤੇ ਸ਼ੁਤਰਾਣਾ ਵਿੱਚ ਰੋਸ ਵਜੋਂ ਇਕੱਠੇ ਹੋ ਕੇ ਪ੍ਰਸਿੱਧ ਕਵੀ ਵਰਵਰਾ ਰਾਓ ਸਮੇਤ ਭੀਮਾ ਕੋਰੇਗਾਓਂ ਤੇ ਐਲਗਰ ਪਰਿਸ਼ਦ ਨਾਲ ਸਬੰਧਤ ਕੇਸਾਂ ਵਿੱਚ ਨਾਜ਼ਾਇਜ ਢੰਗ ਨਾਲ ਹਿਰਾਸਤ ਵਿੱਚ ਰੱਖੇ ਗਏ ਸਾਰੇ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।
ਇਸ ਦੌਰਾਨ ਕੀਤੇ ਗਏ ਰੋਸ ਇਕੱਠਾਂ ’ਚ ਕਵੀ ਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਮੋਹਨ ਤਿਆਗੀ, ਬਲਬੀਰ ਜਲਾਲਾਬਾਦੀ, ਡਾ. ਅਰਵਿੰਦਰ ਕੌਰ ਕਾਕੜਾ, ਤਰਲੋਚਨ ਮੀਰ, ਚਮਕੌਰ ਸਿੰਘ, ਸੰਤੋਸ਼ ਸੁਧੀਰ, ਮਨਿੰਦਰ ਕਾਫਰ, ਪ੍ਰੀਤ ਮੁਸਾਫਿਰ, ਮਨਮੀਤ, ਕਿਰਨਜੋਤ ਸਮੇਤ ਕਈ ਕਵੀਆਂ ਤੇ ਲੇਖਕਾਂ ਨੇ ਗਰਮਜੋਸ਼ੀ ਨਾਲ ਸ਼ਿਰਕਤ ਕੀਤੀ। ਡਾ. ਮੋਹਨ ਤਿਆਗੀ ਨੇ ਕਿਹਾ ਕਿ ਸੱਚ ’ਤੇ ਪਹਿਰਾ ਦਿੰਦੀ ਕਲਮ ਦੀ ਆਵਾਜ਼ ਕਦੇ ਵੀ ਕੁਚਲੀ ਨਹੀਂ ਜਾ ਸਕਦੀ। ਜਦੋਂ ਵੀ ਇਹੋ ਜਿਹਾ ਵਰਤਾਰਾ ਸਮਾਜ ਵਿੰਚ ਵਾਪਰਦਾ ਹੈ ਤਾਂ ਜਾਗਦੀਆਂ ਜ਼ਮੀਰਾਂ ਵਾਲੇ ਲੇਖਕ ਇਕੱਠੇ ਹੋ ਕੇ ਇਸ ਦਾ ਮੂੰਹ ਮੋੜਵਾਂ ਜਵਾਬ ਦਿੰਦੇ ਆਏ ਹਨ। ਇਸ ਦੌਰਾਨ ਡਾ. ਅਰਵਿੰਦਰ ਕੌਰ ਕਾਕੜਾ, ਮਨਿੰਦਰ ਕਾਫ਼ਰ, ਕੈਪਟਨ ਚਮਕੌਰ ਸਿੰਘ, ਸੰਤੋਸ਼ ਸੁਧੀਰ, ਮਨਰੀਤ ਅਤੇ ਕਿਰਨਜੋਤ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਵਰਵਰਾ ਰਾਓ ਨੂੰ ਤੁਰੰਤ ਰਿਹਾਅ ਨਾ ਕੀਤਾ ਤਾਂ ਲੇਖਕ ਸੜਕਾਂ ’ਤੇ ਉਤਰ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਗਿਆਰਾਂ ਉੱਘੇ ਬੁੱਧੀਜੀਵੀਆਂ, ਜਮਹੂਰੀ ਹੱਕਾਂ ਦੇ ਆਗੂ, ਵਕੀਲ, ਪੱਤਰਕਾਰ ਤੇ ਪ੍ਰੋਫ਼ੈਸਰਾਂ ਦੀ ਗ੍ਰਿਫਤਾਰੀ ਅਤੇ 22 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਆਗੂਆਂ ਨੂੰ ਰਿਹਾਅ ਨਾ ਕਰਨ ਖ਼ਿਲਾਫ਼ ਜਮਹੂਰੀ ਅਧਿਕਾਰ ਸਭਾ ਪਟਿਆਲਾ ਵੱਲੋਂ ਅੱਜ ਇੱਥੇ ਰੋਸ ਪ੍ਰਗਟਾਵਾ ਕੀਤਾ। ਸਭਾ ਦੇ ਪ੍ਰਧਾਨ ਪ੍ਰੋ. ਰਣਜੀਤ ਸਿੰਘ ਘੁੰਮਣ, ਸਕੱਤਰ ਵਿਧੂ ਸ਼ੇਖਰ ਭਾਰਦਵਾਜ, ਸੂਬਾ ਸਕੱਤਰੇਤ ਮੈਂਬਰ ਲੈਕਚਰਾਰ ਤਰਸੇਮ ਗੋਇਲ, ਐਡਵੋਕੇਟ ਰਾਜੀਵ ਲੋਹਟਬੱਦੀ, ਖ਼ਜ਼ਾਨਚੀ ਸੁੱਚਾ ਸਿੰਘ ਚੀਮਾ ਨੇ ਰੋਸ ਪ੍ਰਗਟਾਵੇ ਦੀ ਅਗਵਾਈ ਕਰਦਿਆਂ ਮੋਦੀ ਸਰਕਾਰ ਦੀ ਨਿਖੇਧੀ ਕੀਤੀ। ਆਗੂਆਂ ਨੇ ਰਾਜਨੀਤਕ ਪਾਰਟੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨ ਦੀ ਰਾਖੀ ਲਈ ਆਵਾਜ਼ ਉਠਾਉਣ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜਮਹੂਰੀ ਅਧਿਕਾਰ ਸਭਾ ਦੇ ਸੱਦੇ ’ਤੇ ਇਨਕਲਾਬੀ ਜਮਹੂਰੀ ਮੋਰਚਾ (ਪੰਜਾਬ) ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ), ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਭੀਮਾ ਕੋਰੇਗਾਉਂ ਕੇਸ ਅਧੀਨ ਬੀਤੇ ਦੋ ਸਾਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਉੱਘੇ ਸਮਾਜਿਕ ਕਾਰਕੁਨ ਅਤੇ ਤੇਲਗੂ ਇਨਕਲਾਬੀ ਕਵੀ ਵਰਵਰਾ ਰਾਓ ਅਤੇ ਹੋਰ ਮਨੁੱਖੀ ਅਧਿਕਾਰ ਆਗੂਆਂ, ਬੁੱਧੀਜੀਵੀਆਂ, ਲੋਕ ਪੱਖੀ ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸਥਾਨਕ ਪਰਜਾਪਤ ਧਰਮਸ਼ਾਲਾ ਵਿੱਚ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਆਗੂਆਂ ਵੱਲੋਂ ਸਮੂਹ ਇਨਸਾਫ਼ ਪਸੰਦ ਲੋਕਾਂ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਨ੍ਹਾਂ ਬੁਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਦੀ ਰਿਹਾਈ ਲਈ ਦੇਸ਼ ਪੱਧਰੀ ਅੰਦੋਲਨ ਕਰਨ ਦਾ ਸੱਦਾ ਦਿੱਤਾ ਗਿਆ। ਅੱਜ ਦੀ ਰੈਲੀ ਦੌਰਾਨ ਇਕ ਅਹਿਮ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਜਨਤਕ ਇਕੱਠਾਂ ’ਤੇ ਲਾਈ ਪਾਬੰਦੀ ਦੀ ਸਖਤ ਨਿੰਦਾ ਕਰਦਿਆਂ ਇਨ੍ਹਾ ਹੁਕਮਾਂ ਨੂੰ ਵਾਪਸ ਲੈਣ ਅਤੇ ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਇਨਕਲਾਬੀ ਕਵੀ ਅਤੇ ਲੇਖਕ ਵਰਵਰਾ ਰਾਓ ਸਮੇਤ ਕਈ ਰਾਜਨੀਤਿਕ ਚਿੰਤਕਾਂ, ਆਗੂਆਂ, ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ’ਤੇ ਭਾਰਤੀ ਹਕੂਮਤ ਵੱਲੋਂ ਗੈਰ ਮਨੁੱਖੀ ਤਸ਼ੱਦਦ ਢਾਹੁਣ ਅਤੇ ਝੂਠੇ ਮੁਕੱਦਮੇ ਪਾ ਕੇ ਜੇਲ੍ਹਾਂ ਵਿੱਚ ਸੁੱਟਣ ਦੀ ਇਲਾਕੇ ਦੀਆਂ ਜਮਹੂਰੀ, ਲੋਕ ਪੱਖੀ ਅਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ। ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਿੱਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਕਾਮਰੇਡ ਵਰਵਰਾ ਰਾਓ ਸਮੇਤ ਸਾਰੇ ਚਿੰਤਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਗੁਰਜੀਤ ਸਿੰਘ, ਭਾਗ ਸਿੰਘ, ਹਰਮਨਦੀਪ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੁਝਾਰ ਲੌਂਗੋਵਾਲ, ਬੀਰਬਲ ਸਿੰਘ, ਐਡਵੋਕੇਟ ਗਗਨਦੀਪ ਸਿੰਘ, ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਬਲਵੀਰ ਚੰਦ ਲੌਂਗੋਵਾਲ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਅੱਜ ਜਮਹੂਰੀ ਅਧਿਕਾਰ ਸਭਾ ਅਤੇ ਲੋਕ ਚੇਤਨਾ ਮੰਚ ਦੇ ਮੈਂਬਰਾਂ ਨੇ ਪ੍ਰਸਿੱਧ ਤੈਲਗੂ ਕਵੀ ਵਰਵਰਾ ਰਾਓ ਸਮੇਤ ਭੀਮਾ-ਕੋਰੇਗਾਓਂ ਕੇਸ ਵਿੱਚ ਫਸਾਏ ਗਏ ਹੋਰਨਾਂ ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਦੋ ਵੱਖ-ਵੱਖ ਥਾਂਵਾਂ ’ਤੇ ਇੱਕਠੇ ਹੋ ਕੇ ਮੈਂਬਰਾਂ ਨੇ ਮੋਦੀ ਸਰਕਾਰ ਖਿਲਾਫ਼ ਅਤੇ ਗ੍ਰਿਫਤਾਰ ਕੀਤੇ ਗਏ ਬੁੱਧੀਜੀਵੀਆਂ, ਸੋਸ਼ਲ ਵਰਕਰਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਧੀਜੀਵੀ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।