ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਦਸੰਬਰ
ਮੀਟਰ ਰੀਡਰਾਂ ਵੱਲੋਂ ਅੱਜ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮਾਰਚ ਕੱਢਿਆ ਗਿਆ। ਕਈ ਕਈ ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਕਾਰਜਸ਼ੀਲ ਪਾਵਰਕੌਮ ਦੇ ਮੀਟਰ ਰੀਡਰਾਂ ਨੇ ਪਾਵਰਕੌਮ ਦੇ ਪ੍ਰ੍ਰਬੰਧਕੀ ਡਾਇਰੈਕਟਰ ਗਗਨਦੀਪ ਸਿੰਘ (ਜੌਲੀ ਜਲਾਲਪੁਰ) ਕੋਲ ਪੁੱਜੇ। ਪਾਵਰਕੌਮ ਦੇ ਸੈਂਕੜੇ ਮੀਟਰ ਰੀਡਰਾਂ ਨੇ ਅੱਜ ਪਟਿਆਲਾ ਤੋਂ ਕਰੀਬ 12 ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਹਲਕਾ ਸਨੌਰ ਅਧੀਨ ਪੈਂਦੇ ਪਿੰਡ ਜਲਾਲਪੁਰ ਵਿਚ ਪ੍ਰਬੰਧਕੀ ਡਾਇਰੈਕਟਰ ਜੌਲੀ ਜਲਾਲਪੁਰ ਦੇ ਘਰ ਪੁੱਜ ਕੇ ਮੰਗ ਪੱਤਰ ਸੌਂਪਿਆ।
ਮੀਟਰ ਰੀਡਰਾਂ ਦਾ ਇਹ ਕਾਫਲਾ ਆਪਣੀ ਜਥੇਬੰਦੀ ਦੇ ਪ੍ਰਧਾਨ ਜਤਿੰਦਰ ਸਿੰਘ ਦੀ ਅਗਵਾਈ ਹੇਠਾਂ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਦੇ ਨੇੜੇ ਪੈਂਦੇ ਬਾਰਾਦਰੀ ਗਾਰਡਨ ਤੋਂ ਵਾਹਨ ਮਾਰਚ ਦੇ ਰੂਪ ’ਚ ਚੱਲਿਆ ਸੀ। ਕਾਫਲੇ ਵਿਚਲੇ ਮੀਟਰ ਰੀਡਰ ਮੋਟਰ ਸਾਈਕਲਾਂ ਤੇ ਕਾਰਾਂ ’ਤੇ ਸਵਾਰ ਹੋ ਕੇ ਪੁੱਜੇ। ਉਨ੍ਹਾਂ ਜੌਲੀ ਜਲਾਲਪੁਰ ਕੋਲ ਹੋਰ ਮਸਲੇ ਵੀ ਉਭਾਰੇ। ਉਨ੍ਹਾਂ ਦਾ ਤਰਕ ਸੀ ਕਿ ਉਹ ਕਈ ਕਈ ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਹੀ ਘੱਟ ਤਨਖਾਹਾਂ ’ਤੇ ਹੀ ਕੰਮ ਕਰਦੇ ਆ ਰਹੇ ਹਨ ਜਿਸ ਕਰਕੇ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਸ਼ੇਸ਼ ਦਖਲ ਤਹਿਤ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਅਮਰਿੰਦਰ ਸਿੰਘ ਹਮਾਇਤੀ ਆਰ.ਪੀ ਪਾਂਡਵ ਨੂੰ ਹਟਾ ਕੇ ਜੌਲੀ ਜਲਾਲਪੁਰ ਨੂੰ ਪਾਵਰਕੌਮ ਦਾ ਪ੍ਰਬੰਧਕੀ ਡਾਇਰੈਕਟਰ ਨਿਯੁਕਤ ਕੀਤਾ ਸੀ। ਉਹ ਮੁੰਖ ਮੰਤਰੀ ਚੰਨੀ ਦੇ ਅਤਿ ਕਰੀਬੀ ਮੰਨੇ ਜਾਂਦੇ ਘਨੌਰ ਦੇ ਕਾਂਗਰਸੀ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ ਦੇ ਫਰਜੰਦ ਹਨ। ਉਧਰ ਘਰ ਪੁੱਜੇ ਮੀਟਰ ਰੀਡਰਾਂ ਦੀ ਗੱਲ ਸੁਣਨ ਮਗਰੋਂ ਉਨ੍ਹਾਂ ਤੋਂ ਮੰਗ ਪੱਤਰ ਹਾਸਲ ਕਰਦਿਆਂ, ਜੌਲੀ ਜਲਾਲਪੁਰ ਨੇ ਇਸ ਮੱਦੇ ਨੂੰ ਲੈ ਕੇ ਮੰਗਲ਼ਵਾਰ ਨੂੰ ਮੁੱਖ ਮੰਤਰੀ ਨਾਲ਼ ਗੱਲ ਕਰਨ ਦਾ ਭਰੋਸਾ ਦਿੱਤਾ। ਡਾਇਰੈਕਟਰ ਦਾ ਤਰਕ ਸੀ ਉਹ ਜ਼ਰੂਰ ਹੀ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਯਤਨ ਕਰਨਗੇ, ਬਸ਼ਰਤੇ ਕਿ ਕੋਈ ਤਕਨੀਕੀ ਜਾਂ ਕਾਨੂੰਨੀ ਅੜਚਣ ਨਾ ਹੋਵੇ। ਜਿਸ ’ਤੇ ਮੀਟਰ ਰੀਡਰਾਂ ਦੀ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਇਸ ਮਸਲੇ ਨੂੰ ਹਮਦਰਦੀ ਅਤੇ ਸੰਜੀਦਗੀ ਨਾਲ ਵਿਚਾਰਨਗੇ ਤਾਂ ਕਿ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਹੋ ਸਕਣ। ਅਜਿਹਾ ਭਰੋਸਾ ਦੇਣ ਮਗਰੋਂ ਮੀਟਰ ਰੀਡਰਾਂ ਨੇ ਜੌਲੀ ਜਲਾਲਪੁਰ ਨੂੰ ਵਿਸ਼ੇਸ਼ ਤੌਰ ’ਤੇ ਸਿਰੋਪਾ ਦੇ ਕੋ ਸਨਮਾਨਿਤ ਕੀਤਾ।
ਜ਼ਿਕਰਯੋਗ ਹੈ ਕਿ ਪਾਵਰਕੌਮ ਦੇ ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤਾਂ ਨੇ ਨੌਕਰੀ ਦੀ ਮੰਗ ਨੂੰ ਲੈ ਕੇ ਪਾਵਰਕੌਮ ਦੇ ਮੁੱਖ ਦਫਤਰ ਵਿਖੇ ਲਾਇਆ 90 ਦਿਨ ਪੁਰਾਣਾ ਮੋਰਚਾ ਪਿਛਲੇ ਦਿਨੀ ਜੌਲੀ ਜਲਾਲਪੁਰ ਦੇ ਦਖਲ ਨਾਲ਼ ਹੀ ਚੁੱਕਿਆ ਸੀ। ਆਸ਼ਰਿਤਾਂ ਵੱਲੋਂ ਪਾਵਰਕੌਮ ਦੇ ਮੁੱਖ ਗੇਟਾਂ ਦਾ ਘਿਰਾਓ ਕਰਨ ਕਰਕੇ ਮਹੀਨਾ ਭਰ ਤਾਂ ਪਾਵਰਕੌਮ ਦੇ ਮੁੱਖ ਦਫਤਰ ਦਾ ਕੰਮ ਹੀ ਠੱਪ ਰਿਹਾ ਸੀ। ਇਸ ਤੋਂ ਬਾਅਦ ਹੀ ਮੀਟਰ ਰੀਡਰ ਵੀ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਲਈ ਉਨ੍ਹਾਂ ਦੇ ਦਰ ’ਤੇ ਪੁੱਜੇ। ਜੌਲੀ ਜਲਾਲਪੁਰ ਦਾ ਕਹਿਣਾ ਸੀ ਕਿ ਉਹ ਆਪਣੀ ਤਰਫ਼ੋਂ ਇਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਪੂਰੀ ਵਾਹ ਲਾਉਣਗੇ।