ਪੱਤਰ ਪ੍ਰੇਰਕ
ਸਮਾਣਾ, 4 ਸਤੰਬਰ
ਸਿਹਤ ਵਿਭਾਗ ਵਿੱਚ ਉਮਰ ਹੱਦ ਛੋਟ ਸਮੇਤ ਭਰਤੀ ਦੀ ਮੰਗ ਕਰਦੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਬੇਰੁਜ਼ਗਾਰ ਉਪ ਵੈਦ ਯੂਨੀਅਨ ਦੇ ਸੈਂਕੜੇ ਵਰਕਰਾਂ ਨੇ ਅਤਿ ਦੀ ਗਰਮੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੋਂ ਬੱਸ ਸਟੈਂਡ ਤੱਕ ਅਤੇ ਵਾਪਸੀ ਬਾਜ਼ਾਰ ਵਿੱਚੋਂ ਮਾਰਚ ਕਰਕੇ ਮੁੜ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਜਾਮ ਲਗਾਇਆ। ਬੇਰੁਜ਼ਗਾਰਾਂ ਵੱਲੋਂ ਸਾਂਝੇ ਤੌਰ ’ਤੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੋਇਆ ਸੀ। ਪ੍ਰੰਤੂ ਪ੍ਰਸ਼ਾਸਨ ਵੱਲੋਂ ਪਹੁੰਚੇ ਡਿਊਟੀ ਮੈਜਿਸਟਰੇਟ ਸਤਿਗੁਰ ਸਿੰਘ ਨੇ 6 ਸਤੰਬਰ ਨੂੰ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨਾਲ ਪੈਨਲ ਮੀਟਿੰਗ ਦਾ ਪੱਤਰ ਦੇ ਕੇ ਧਰਨਾ ਖਤਮ ਕਰਵਾ ਦਿੱਤਾ। ਪ੍ਰੰਤੂ ਬੇਰੁਜ਼ਗਾਰਾਂ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਮੀਟਿੰਗ ਲਾਰਾ ਸਾਬਤ ਹੋ ਸਕਦੀ ਹੈ ਇਸ ਲਈ ਮੁੜ 11 ਸਤੰਬਰ ਨੂੰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਜਸਪ੍ਰੀਤ ਸਿੰਘ ਜਲਾਲਾਬਾਦ ਨੇ ਕਿਹਾ ਕਿ ਦੋਵੇਂ ਬੇਰੁਜ਼ਗਾਰ ਜਥੇਬੰਦੀਆਂ ਦੀ ਮੰਗ ਹੈ ਕਿ ਸਿਹਤ ਵਿਭਾਗ ਵਿੱਚ ਉਪ ਵੈਦ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਉਮਰ ਹੱਦ ਵਿਚ 5 ਸਾਲ ਦੀ ਛੋਟ ਦੇ ਕੇ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਬੇਰੁਜ਼ਗਾਰਾਂ ਨੇ ਕਿਹਾ ਕਿ ਉਪਵੈਦ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ, ਪ੍ਰੰਤੂ ਸਰਕਾਰ ਭਰਤੀ ਤੋਂ ਟਾਲਾ ਵੱਟ ਰਹੀ ਹੈ। ਪੰਜਾਬ ਅੰਦਰ ਪ੍ਰਵਾਨਿਤ 559 ਅਸਾਮੀਆਂ ਵਿੱਚੋਂ 350 ਅਸਾਮੀਆਂ ਖਾਲੀ ਹਨ। ਭਾਵੇਂ ਪਿਛਲੇ ਸਾਲ 2015 ’ਚ ਅਕਾਲੀ ਭਾਜਪਾ ਸਰਕਾਰ ਨੇ ਕੁਝ ਅਸਾਮੀਆਂ ਭਰੀਆਂ ਸਨ ਪ੍ਰੰਤੂ ਉਦੋਂ ਬੀਏਐਮਐਸ ਨੂੰ ਭਰਤੀ ਕਰਕੇ ਮੁੱਢਲੀ ਯੋਗਤਾ ਰੱਖਦੇ ਉਪ ਵੈਦਾਂ ਨਾਲ ਧੱਕਾ ਕੀਤਾ ਗਿਆ ਸੀ।
ਇਸੇ ਤਰ੍ਹਾਂ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਦੀ ਮੰਗ ਸੀ ਕਿ ਸਿਹਤ ਵਿਭਾਗ ਵਿੱਚ 5 ਹਜ਼ਾਰ ਦੀ ਆਬਾਦੀ ਪਿੱਛੇ ਇਕ ਵਰਕਰ ਪੁਰਸ਼ ਅਤੇ ਮਹਿਲਾ ਦੀ ਨਿਯੁਕਤੀ ਹੋਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਪ੍ਰਵਾਨਤ 2900 ਕਰੀਬ ਅਸਾਮੀਆਂ ਵਿੱਚੋਂ ਵੀ 1000 ਦੇ ਕਰੀਬ ਖਾਲੀ ਪਈਆਂ ਹਨ। ਉੱਧਰ ਹੈਲਥ ਵਰਕਰ ਦਾ ਕੋਰਸ ਪਾਸ ਬੇਰੁਜ਼ਗਾਰ ਲਗਾਤਾਰ ਓਵਰਏਜ ਹੋ ਰਹੇ ਹਨ। ਇਸ ਮੌਕੇ ਜਸਵਿੰਦਰ ਸਿੰਘ ਹਿੰਮਤਪੁਰਾ, ਸੁਰਿੰਦਰ ਕੁਮਾਰ, ਜਸਵਿੰਦਰ ਸਿੰਘ ਕੋਟਧਰਮੂ, ਸਖਦੇਵ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ।