ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਪਰੈਲ
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਡੇਢ ਦਹਾਕੇ ਤੋਂ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾਉਂਦੇ ਆ ਰਹੇ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਹੜਤਾਲ ਅੱਜ 26ਵੇਂ ਦਿਨ ਵੀ ਜਾਰੀ ਰਹੀ। ਇਹ ਹੜਤਾਲ ਹਸਪਤਾਲ ਦੇ ਸਮੂਹ ਮੁਲਾਜ਼ਮਾਂ ’ਤੇ ਆਧਾਰਿਤ ‘ਐਂਪਲਾਈਜ਼ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ’ ਦੇ ਬੈਨਰ ਹੇਠਾਂ ਕੀਤੀ ਜਾ ਰਹੀ ਹੈ, ਇਸ ਦੌਰਾਨ ਰੈਗੂਲਰ ਮੁਲਾਜ਼ਮ ਵੀ ਹਮਾਇਤ ’ਚ ਹਨ। ਅੱਜ ਦੀ ਹੜਤਾਲ਼ ਦੌਰਾਨ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਬਾਹਰ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਮੁਲਾਜ਼ਮਾਂ ਨੇ ‘ਬੋਲ਼ੀ’ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਭਾਂਡੇ ਵੀ ਖੜਕਾਏ। ਐਲਾਨ ਕੀਤਾ ਗਿਆ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੱਕ ਉਨ੍ਹਾਂ ਦੀ ਹੜਤਾਲ਼ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਰਾਮ ਕਿਸ਼ਨ, ਮੁਕੇਸ਼ ਕੁਮਾਰ, ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ, ਗੁਰਲਾਲ ਸਿੰਘ, ਕਿਸ਼ੋਰ ਟੋਨੀ, ਬਲਜਿੰਦਰ ਸਿੰਘ, ਅਮਨ ਕੁਮਾਰ, ਅਜੈ ਕੁਮਾਰ ਆਦਿ ਵੀ ਮੌਜੂਦ ਸਨ। ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ, ਤਾਂ ਉਹ ਭਵਿੱਖ ਵਿਚ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਧਰ ਤਬੀਅਤ ਠੀਕ ਨਾ ਹੋਣ ਕਾਰਨ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਅੱਜ ਵੀ ਰੋਸ ਰੈਲੀ ਵਿਚ ਸ਼ਾਮਲ ਨਾ ਹੋ ਸਕੇ ਪਰ ਉਨ੍ਹਾਂ ਦਾ ਤਰਕ ਸੀ ਕਿ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।