ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਕਤੂਬਰ
ਮਹਿਲਾਵਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਬੱਸ ਸਫ਼ਰ ਦੀ ਸੁਵਿਧਾ ਤਹਿਤ ਬਣਦੇ ਕਿਰਾਏ ਦਾ ਭੁਗਤਾਨ ਨਾ ਕੀਤੇ ਜਾਣ ਕਰਕੇ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਤੇ ਪੈਨਸ਼ਨ ਨਹੀਂ ਮਿਲੀ, ਜਿਸ ਦੇ ਰੋਸ ਵਜੋਂ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਇੱਥੇ ਬੱਸ ਅੱਡੇ ਦੇ ਅੰਦਰ ਰੋਸ ਮਾਰਚ ਕੀਤਾ ਗਿਆ। ਸੂਬਾਈ ਆਗੂ ਨਿਰਮਲ ਧਾਲੀਵਾਲ ਦਾ ਕਹਿਣਾ ਸੀ ਕਿ ਜੇਕਰ ਜਲਦੀ ਅਦਾਇਗੀ ਨਾ ਕੀਤੀ ਗਈ ਤਾਂ ‘ਆਪ’ ਸਰਕਾਰ ਦੀ ਇਹ ਪਲੇਠੀ ਦੀਵਾਲੀ ਮੁਲਾਜ਼ਮ ਅਤੇ ਪੈਨਸ਼ਨਰ ਕਾਲੀ ਦੀਵਾਲੀ ਵਜੋਂ ਮਨਾਉਣ ਲਈ ਮਜਬੂਰ ਹੋਣਗੇ।
ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਅੱਜ ਉਤਮ ਬਾਗੜੀ, ਕੁਲਦੀਪ ਗਰੇਵਾਲ ਤੇ ਰਾਮ ਸਰੂਪ ਅਗਰਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਕੱਤਰਤਾ ਨੂੰ ਸਰਪ੍ਰਸਤ ਨਿਰਮਲ ਧਾਲੀਵਾਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਦੋ ਕਿਸ਼ਤਾਂ ’ਚ ਪੈਨਸ਼ਨ ਮਿਲੀ ਸੀ। ਇਸੇ ਦੌਰਾਨ ਪੈਨਸ਼ਨਰਜ਼ ਐਸੋਸੀਏਸ਼ਨ ਦੀ ਅੱਜ ਹੋਈ ਇਕੱਤਰਤਾ ਦੌਰਾਨ ਜਗਤਾਰ ਸਿੰਘ, ਜੋਗਿੰਦਰ ਸਿੰਘ,ਬਖਸ਼ੀਸ਼ ਸਿੰਘ, ਬੀਰ ਸਿੰਘ, ਮਹਿੰਦਰ ਸਿੰਘ, ਲਲਕਾਰ ਸਿੰਘ, ਰਮੇਸ਼ ਕੁਮਾਰ, ਸੋਹਣ ਸਿੰਘ, ਰਾਮ ਸਿੰਘ, ਜਸਵੰਤ ਚਹਿਲ, ਬਲਵੰਤ ਸਿੰਘ, ਗੁਰਚਰਣ ਵਾਲੀਆ, ਨਿਰਪਾਲ ਸਿੰਘ, ਤਰਲੋਕ ਸਿੰਘ ਤੇ ਮੋਹਣ ਸਿੰਘ ਆਦਿ ਨੇ ਸੂਬਾ ਸਰਕਾਰ ਤੋਂ ਬਕਾਏ ਜਾਰੀ ਕਰਨ ਦੀ ਮੰਗ ਕੀਤੀ।
ਇਸ ਮਗਰੋਂ ਪੈਨਸ਼ਨਰਾਂ ਨੇ ਬੱਸ ਸਟੈਂਡ ਵਿੱਚ ਹੀ ਰੋਸ ਮਾਰਚ ਕਰਦਿਆਂ ਸਰਕਾਰ ਦਾ ਖੂਬ ਪਿੱਟ ਸਿਆਪਾ ਵੀ ਕੀਤਾ। ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਭਗਵੰਤ ਚੰਨਣਵਾਲ ਅਤੇ ਹਰੀ ਸਿੰਘ ਚਮਕ ਆਦਿ ਦਾ ਤਰਕ ਸੀ ਕਿ ‘ਆਪ’ ਸਰਕਾਰ ਦੇ ਹੁਣ ਤੱਕ ਦੇ ਸੱਤ ਮਹੀਨਿਆਂ ਦੌਰਾਨ ਕਦੇ ਵੀ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਨਹੀਂ ਮਿਲੀ।