ਸੁਭਾਸ਼ ਚੰਦਰ
ਸਮਾਣਾ, 2 ਅਗਸਤ
ਇੱਥੇ ਸੈਂਕੜੇ ਜੁਗਾੜੂ ਰੇਹੜੀ ਚਾਲਕਾਂ ਨੇ ਆਪਣੀਆਂ ਰੇਹੜੀਆਂ ਨਾਲ ਸ਼ਹਿਰ ਵਿੱਚ ਰੋਸ ਮਾਰਚ ਕਰ ਕੇ ਐੱਸਡੀਐੱਮ ਸਮਾਣਾ ਨੂੰ ਹਾਥੀ ਟੈਂਪੂ ਯੂਨੀਅਨ ਵਾਲਿਆਂ ਖ਼ਿਲਾਫ਼ ਮੰਗ ਪੱਤਰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਜੁਗਾੜੂ ਰੇਹੜੀ ਚਾਲਕਾਂ ਦੇ ਪ੍ਰਧਾਨ ਭੋਲਾ ਸਿੰਘ ਤੇ ਹੋਰਾਂ ਨੇ ਹਾਥੀ ਟੈਂਪੂ ਯੂਨੀਅਨ ਵਾਲਿਆਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੋਸ਼ ਲਾਇਆ ਕਿ ਜਦੋਂ ਉਹ ਰੇਹੜੀਆਂ ਵਿੱਚ ਸਾਮਾਨ ਲੱਦ ਕੇ ਲਿਆਉਂਦੇ ਜਾਂ ਲੱਦ ਕੇ ਲਿਜਾਂਦੇ ਹਨ ਤਾਂ ਹਾਥੀ ਟੈਂਪੂ ਵਾਲੇ ਉਨ੍ਹਾਂ ਦੀਆਂ ਰੇਹੜੀਆਂ ਘੇਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਤੇ ਗਾਲੀ ਗਲੋਚ ਕਰਦੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਉਹ ਰੇਹੜੀ ਦੀਆਂ ਚਾਬੀਆਂ ਕੱਢ ਕੇ ਉਨ੍ਹਾਂ ਦੇ ਥੱਪੜ ਵੀ ਮਾਰਦੇ ਹਨ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਛੋਟਾ ਹਾਥੀ ਟੈਂਪੂ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ। ਇਸ ਮੌਕੇ ਗੁਰਦੀਪ ਸਿੰਘ, ਰਾਮ ਕੁਮਾਰ, ਗੁਰਮੀਤ ਸਿੰਘ, ਮੇਹਰ ਚੰਦ, ਜਰਨੈਲ ਸਿੰਘ, ਚਮਕੌਰ ਸਿੰਘ, ਕਸ਼ਮੀਰ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਸ਼ੇਰਾ ਰਾਮ, ਰਮੇਸ਼ ਸਿੰਘ ਤੇ ਅਵਤਾਰ ਸਿੰਘ ਤੋਂ ਇਲਾਵਾ ਸੈਂਕੜੇ ਜੁਗਾੜੂ ਰੇਹੜੀ ਚਾਲਕ ਹਾਜ਼ਰ ਸਨ।