ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
ਬਹੁਜਨ ਸਮਾਜ ਪਾਰਟੀ ਨੇ ਅੱਜ ਸੂਬਾ ਪੱਧਰੀ ਧਰਨੇ ਦੇਣ ਦੀ ਕੜੀ ਵਿਚ ਪਟਿਆਲਾ ਵਿਚ ਧਰਨਾ ਦੇ ਕੇ ਜਿੱਥੇ ਪੰਜਾਬ ਸਰਕਾਰ ਨੂੰ ਕੋਸਿਆ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਵੀ ਭੜਾਸ ਕੱਢੀ। ਬਸਪਾ ਆਗੂ ਰੋਸ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਪੁੱਜੇ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਬੇਮਾਇਨੇ ਮੁੱਦਿਆਂ ਵਿਚ ਉਲਝਾ ਰਹੀ ਹੈ। ਗ਼ਰੀਬਾਂ ਨੂੰ ਮਿਲਦੀ ਮੁਫ਼ਤ ਕਣਕ ਦੀ ਵੀ ਕਾਣੀ ਵੰਡ ਹੋ ਰਹੀ ਹੈ। ਜਸਬੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਬੰਦ ਹੋ ਗਈ ਹੈ, ਜਦੋਂਕਿ ਇਹ ਕਿਤੇ ਵੀ ਬੰਦ ਨਹੀਂ ਹੋਈ ਸਗੋਂ ਉਸ ਦੇ ਤਰੀਕੇ ਬਦਲ ਗਏ ਹਨ। ਬੇਸ਼ੱਕ ‘ਆਪ’ ਸਰਕਾਰ ਇਹ ਢੰਡੋਰਾ ਪਿੱਟ ਰਹੀ ਹੈ ਕਿ ਉਨ੍ਹਾਂ ਮੁਹੱਲਾ ਕਲੀਨਿਕ ਸ਼ੁਰੂ ਕਰਕੇ ਲੋਕ ਹਿਤ ਦਾ ਕੰਮ ਕੀਤਾ ਹੈ ਪਰ ਸਰਕਾਰੀ ਡਿਸਪੈਂਸਰੀਆਂ ਤੇ ਹਸਪਤਾਲਾਂ ਵਿਚ ਅੱਜ ਵੀ ਬੁਰਾ ਹਾਲ ਹੈ। ਰੋਸ ਮਾਰਚ ਮਗਰੋਂ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਵੀ ਦਿੱਤਾ ਗਿਆ। ਇਸ ਮੌਕੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ, ਸੂਬਾ ਜਨਰਲ ਸਕੱਤਰ ਜੋਗਾ ਸਿੰਘ ਪਨੌਦਿਆ, ਸੂਬਾ ਸਕੱਤਰ ਜਗਜੀਤ ਸਿੰਘ ਛੜਬੜ ਵੀ ਹਾਜ਼ਰ ਸਨ। ਇਸ ਮੌਕੇ ਅਜੀਤ ਸਿੰਘ ਭੈਣੀ ਨੇ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਦੀ ਨਿਖੇਧੀ ਕੀਤੀ ।