ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਮਈ
ਜੰਗਲ ਪੁੱਟ ਕੇ ਜ਼ਮੀਨ ਆਬਾਦ ਕਰਨ ਮਗਰੋਂ ਪਿੰਡ ਅਰਨੋ ਦੇ ਵਸਨੀਕਾਂ ਨੂੰ ਅਜੇ ਤੱਕ ਮਾਲਕੀ ਹੱਕ ਨਹੀਂ ਮਿਲਿਆ। ਪੰਜਾਬ ਸਰਕਾਰ ਦੀ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਤਹਿਤ ਪੰਚਾਇਤ ਵਿਭਾਗ ਨੇ 17 ਮਈ ਨੂੰ ਅਰਨੋਂ ਪਿੰਡ ਦੀ 576 ਏਕੜ ਜ਼ਮੀਨ ਵਿੱਚੋਂ 50 ਵਿਅਕਤੀਆਂ ਤੋਂ 141 ਏਕੜ 6 ਕਨਾਲਾਂ 11 ਮਰਲੇ ਜ਼ਮੀਨ ਛੁਡਾਉਣ ਦੇ ਨੋਟਿਸ ਜਾਰੀ ਕੀਤੇ ਜਾਣ ਵਿਰੁੱਧ ਕਾਸ਼ਤਕਾਰਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਝੰਡੇ ਹੇਠ ਇਕੱਠੇ ਹੋ ਕੇ ਜ਼ਮੀਨ ਨਾ ਛੱਡਣ ਦੇ ਕੀਤੇ ਐਲਾਨ ਤਹਿਤ ਅੱਜ ਪਿੰਡ ਅਰਨੋ ਤੋਂ ਸ਼ੁਰੂ ਹੋਇਆ ਵਿਸ਼ਾਲ ਰੋਸ ਮਾਰਚ ਟਰੈਕਟਰਾਂ, ਟਰਾਲੀਆਂ ਤੇ ਮੋਟਰਸਾਈਕਲਾਂ ਰਾਹੀਂ ਵੱਖ ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਐੱਸਡੀਐੱਮ ਪਾਤੜਾਂ ਦੇ ਦਫ਼ਤਰ ਪੁੱਜਿਆ। ਇਕੱਠੇ ਹੋਏ ਕਿਸਾਨਾਂ ਨੇ ਸਰਕਾਰ, ਪੰਚਾਇਤ ਵਿਭਾਗ ਤੇ ਹਲਕਾ ਵਿਧਾਇਕ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਕਾਸ਼ਤਕਾਰਾਂ ਤੇ ਕਿਸਾਨ ਜਥੇਬੰਦੀਆਂ ਦੇ 9 ਮੈਂਬਰੀ ਵਫ਼ਦ ਨੇ ਏਡੀਸੀ ਵਿਕਾਸ ਈਸ਼ਾ ਸਿੰਗਲ ਨੂੰ ਮੰਗ ਪੱਤਰ ਸੌਂਪ ਕੇ ਉਨ੍ਹਾਂ ਨਾਲ ਮਸਲੇ ਦੇ ਹੱਲ ਲਈ ਮੀਟਿੰਗ ਕੀਤੀ ਜੋ ਬੇਸਿੱਟਾ ਰਹੀ।
ਜ਼ਮੀਨ ‘ਤੇ ਕਾਬਜ਼ ਸੁਖਵਿੰਦਰ ਸਿੰਘ, ਹਰਨੇਕ ਸਿੰਘ, ਮਹਿੰਦਰ ਸਿੰਘ ਸਰਪੰਚ ਰਾਜ ਕੌਰ ਸਰਪੰਚ ਹਰਦੀਪ ਕੌਰ, ਸਾਬਕਾ ਸਰਪੰਚ ਬਘੇਲ ਸਿੰਘ, ਜਸਬੀਰ ਸਿੰਘ, ਅਮਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਜ਼ਮੀਨ ਨੂੰ ਉਨ੍ਹਾਂ ਦੇ ਪੁਰਖਿਆਂ ਨੇ ਜੰਗਲ ਪੁੱਟ ਕੇ ਆਬਾਦ ਕੀਤਾ ਸੀ। ਉਨ੍ਹਾਂ ਦੱਸਿਆ ਕਿ 199 ਏਕੜ ਉੱਤੇ ਕਾਸ਼ਤ ਕਰਦੇ ਕਿਸਾਨਾਂ ਨੂੰ ਡੀਡੀਪੀਓ ਵੱਲੋਂ 1997 ਵਿੱਚ ਤੇ ਡਾਇਰੈਕਟਰ ਪੰਚਾਇਤ ਵਿਭਾਗ ਵੱਲੋਂ 2013 ’ਚ ਮਾਲਕੀ ਹੱਕ ਦਿੱਤੇ ਜਾਣ ਉਪਰੰਤ ਗ੍ਰਾਮ ਪੰਚਾਇਤ ਵੱਲੋਂ ਹਾਈ ਕੋਰਟ ਵਿੱਚ ਪਹੁੰਚ ਕੀਤੀ ਗਈ। ਇਸ ’ਤੇ ਅਦਾਲਤ ਨੇ ਕੇਸ ਡਿਪਟੀ ਡਾਇਰੈਕਟਰ ਕੋਲ ਰਿਮਾਂਡ ਕਰ ਦਿੱਤਾ ਸੀ ਜੋ ਵਿਚਾਰ ਅਧੀਨ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਸਤਵੰਤ ਸਿੰਘ ਵਜੀਦਪੁਰ, ਹਰਭਜਨ ਸਿੰਘ ਧਹੂੜ, ਦਲਜੀਤ ਸਿੰਘ ਸ਼ਾਬਾਜ਼ਪੁਰ, ਸਾਹਿਬ ਸਿੰਘ ਦੁਤਾਲ, ਸੁਖਦੇਵ ਸਿੰਘ ਹਰਿਆਊ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜੇਕਰ ਜੰਗਲ ਪੁੱਟ ਕੇ ਜ਼ਮੀਨ ਆਬਾਦ ਕਰਨ ਵਾਲੇ ਕਿਸਾਨਾਂ ਨੂੰ ਮਾਲਕੀ ਹੱਕ ਨਹੀਂ ਦੇ ਸਕਦੀ ਤਾਂ ਉਸ ਨੂੰ ਉਨ੍ਹਾਂ ਨੂੰ ਉਜਾੜਨ ਦਾ ਵੀ ਕੋਈ ਹੱਕ ਨਹੀਂ।
ਰਿਕਾਰਡ ਨੂੰ ਘੋਖ ਕੇ ਫ਼ੈਸਲਾ ਲਵਾਂਗੇ: ਏਡੀਸੀ
ਏਡੀਸੀ ਵਿਕਾਸ ਪਟਿਆਲਾ ਈਸ਼ਾ ਸਿੰਗਲ ਨੇ ਕਿਹਾ ਹੈ ਕਿ ਪੰਚਾਇਤ ਵਿਭਾਗ ਦੇ ਰਿਕਾਰਡ ਮੁਤਾਬਕ ਉਕਤ ਜ਼ਮੀਨ ਪੰਚਾਇਤ ਦੀ ਹੈ ਪਰ ਮੀਟਿੰਗ ਦੌਰਾਨ ਵਫ਼ਦ ਨੇ ਚਲਦੇ ਕੇਸਾਂ ਦਾ ਜ਼ਿਕਰ ਕਰਕੇ ਜ਼ਮੀਨ ਨੂੰ ਪੰਚਾਇਤੀ ਮੰਨਣ ਤੋਂ ਇਨਕਾਰੀ ਹੁੰਦਿਆਂ ਕਾਸ਼ਤਕਾਰਾਂ ਦੀ ਸਮੱਸਿਆ ਪੰਜਾਬ ਸਰਕਾਰ ਤਕ ਪਹੁੰਚਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਮਾਮਲੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੇ ਨਾਲ ਨਾਲ ਰਿਕਾਰਡ ਦੀ ਘੋਖ ਕਰਕੇ ਫ਼ੈਸਲਾ ਲਿਆ ਜਾਵੇਗਾ।