ਖੇਤਰੀ ਪ੍ਰਤੀਨਿਧ
ਪਟਿਆਲਾ, 13 ਜੁਲਾਈ
ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਸੱਦੇ ’ਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਅੱਜ ਵੀਸੀ ਦਫਤਰ ਅੱਗੇ ਮੁੜ ਧਰਨਾ ਦਿੱਤਾ। ਪੂਟਾ ਪ੍ਰਧਾਨ ਡਾ. ਭੁਪਿੰਦਰ ਵਿਰਕ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਾਈਸ ਚਾਂਸਲਰ ਨੂੰ ਮੰਗ ਪੱਤਰ ਦਿੱਤਾ ਸੀ ਤੇ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਅਧਿਆਪਕਾਂ ਨੇ ਧਰਨਾ ਸਮਾਪਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਮਗਰੋਂ ਵੀ ਮੰਗਾਂ ਨਹੀਂ ਮੰਨੀਆ ਗਈਆਂ। ਬੁਲਾਰਿਆਂ ਨੇ ਕਿਹਾ ਕਿ ਉਪ ਕੁਲਪਤੀ ਦੀਆਂ ਕਥਿਤ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਯੂਨੀਵਰਸਿਟੀ ਦੇ ਕਈ ਵਰਗਾਂ ਨੂੰ ਧਰਨੇ ਦੇਣੇ ਪੈ ਰਹੇ ਹਨ। ਉਨ੍ਹਾਂ ਇਕਜੁੱਟ ਹੋ ਕੇ ਮੰਗ ਕੀਤੀ ਕਿ ਕਿਸੇ ਯੋਗ ਸਖ਼ਸ਼ੀਅਤ ਨੂੰ ਵਾਈਸ ਚਾਂਸਲਰ ਦੀ ਜਿੰਮੇਵਾਰੀ ਸੌਂਪੀ ਜਾਵੇ।
ਅੱਜ ਦੇ ਇਸ ਧਰਨੇ ਨੂੰ ਪ੍ਰਧਾਨ ਭੁਪਿੰਦਰ ਵਿਰਕ ਅਤੇ ਸਕੱਤਰ ਸੁਖਜਿੰਦਰ ਬੁੱਟਰ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਦੋ ਮਹੀਨਿਆਂ ਮਗਰੋਂ ਵੀ ਤਨਖਾਹ ਦੀ ਅਦਾਇਗੀ ਲਗਾਤਾਰ ਹੋਣੀ ਯਕੀਨੀ ਨਹੀਂ ਬਣਾਈ ਗਈ। ਬੁਲਾਰਿਆਂ ਨੇ ਅੱਠ ਅਧਿਆਪਕਾਂ ਦੀ ਗ਼ਲਤ ਤਰੀਕੇ ਨਾਲ ਤਰੱਕੀ ਰੋਕਣ, ਸਟੈਪਅੱਪ ਦੇ ਏਰੀਅਰ ਜਾਰੀ ਨਾ ਕਰਨ, ਤਰੱਕੀਆਂ ਮਗਰੋਂ ਏਰੀਅਰ ਦੀ ਅਦਾਇਗੀ ਨਾ ਕਰਨ ਤੇ ਅਧਿਆਪਕਾਂ ਦੇ ਅੱਠ ਸਾਲਾਂ ਦੀ ਸੇਵਾ ਉਪਰੰਤ ਮੁਖੀ ਬਣਨ ਲਈ ਗਵਰਨਰ ਵੱਲੋਂ ਆਏ ਪੱਤਰ ਨੂੰ ਲਾਗੂ ਨਾ ਕਰਨ ਸਮੇਤ ਕੁਝ ਹੋਰ ਮੰਗਾਂ ਨੂੰ ਵੀ ਨਜ਼ਰਅੰਦਾਜ ਕਰਨ ਦੇ ਦੋਸ਼ ਲਾਏ। ਉਨ੍ਹਾਂ ਨੇ ਮੰਗ ਕੀਤੀ ਅਧਿਆਪਕਾਂ ਦੀਆਂ ਮੰਗਾਂ ਜਲਦੀ ਮੰਨੀਆਂ ਜਾਣ।