ਰਾਜਪੁਰਾ (ਪੱਤਰ ਪ੍ਰੇਰਕ): ਇੱਥੋਂ ਦੀ ਮਾਇਕਰੋ ਸਮਾਲ ਐਂਡ ਮੀਡੀਅਮ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ 25 ਅਪਰੈਲ ਨੂੰ ਪਾਵਰਕੌਮ ਦੇ ਐਕਸੀਅਨ ਦਫਤਰ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ੍ਰੀਵਾਸਤਵ ਤੇ ਸਾਬਕਾ ਪ੍ਰਧਾਨ ਜੇ. ਐਸ ਸੰਧੂ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਮਗਰੋਂ ਇਹ ਐਲਾਨ ਕੀਤਾ ਗਿਆ। ਵਾਸਤਵ ਦਾ ਕਹਿਣਾ ਸੀ ਕਿ ਇੱਥੋਂ ਦੀਆਂ ਸੈਂਕੜੇ ਉਦਯੋਗਿਕ ਇਕਾਈਆਂ ਨੂੰ ਅਣਐਲਾਨੇ ਬਿਜਲੀ ਕੱਟਾਂ ਕਾਰਨ ਰੋਜ਼ਾਨਾਂ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸੇ ਦੌਰਾਨ ਸ਼ੁਕਰਵਾਰ ਨੂੰ ਪਾਵਰਕੌਮ ਅਧਿਕਾਰੀਆਂ ਵੱਲੋਂ ਅਗਾਊਂ ਤੌਰ ’ਤੇ ਕੋਈ ਨੋਟਿਸ ਦਿੱਤੇ ਬਗੈਰ ਹੀ ਕਰੀਬ ਡੇਢ ਦਰਜਨ ਉਦਯੋਗਿਕ ਇਕਾਈਆਂ ਕੁਨੈਕਸ਼ਨ ਬਿਜਲੀ ਬਿੱਲ ਬਕਾਇਆ ਹੋਣ ਕਾਰਨ ਕੱਟ ਦਿੱਤੇ ਗਏ। ਇਸ ਕਾਰਨ ਕਾਰਖਾਨੇਦਾਰਾਂ ਵਿੱਚ ਰੋਸ ਹੈ।