ਬਹਾਦਰ ਸਿੰਘ ਮਰਦਾਂਪੁਰ
ਘਨੌਰ, 19 ਅਕਤੂਬਰ
ਸਰਕਾਰ ਵੱਲੋਂ ਅੰਮ੍ਰਿਤਸਰ-ਕੋਲਕਾਤਾ ਇਟੀਗ੍ਰੇਟਿਡ ਕੌਰੀਡੋਰ ਪ੍ਰਾਜੈਕਟ ਲਈ ਇਸ ਖੇਤਰ ਦੇ ਪੰਜ ਪਿੰਡਾਂ ਸੇਹਰਾ, ਸੇਹਰੀ, ਆਕੜੀ, ਪੱਬਰਾ ਅਤੇ ਤਖਤੂਮਾਜਰਾ ਦੇ ਵਸਨੀਕਾਂ ਤੋਂ ਕਰੀਬ ਤਿੰਨ ਸਾਲ ਪਹਿਲਾਂ ਕਰੀਬ 1104 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਿੰਡ ਸੇਹਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਦੇ ਸਹਿਯੋਗ ਨਾਲ ਅਣਮਿੱਥੇ ਸਮੇਂ ਲਈ ਰੋਸ ਧਰਨਾ ਆਰੰਭ ਦਿੱਤਾ ਹੈ। ਧਰਨਾਕਾਰੀਆਂ ਵੱਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਪੇੜਾ, ਹਰਜੀਤ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ ਸੇਹਰੀ, ਨੰਬਰਦਾਰ ਜਗਦੇਵ ਸਿੰਘ ਸਮੇਤ ਹੋਰਨਾਂ ਨੇ ਆਖਿਆ ਕਿ ਸਰਕਾਰ ਦੁਆਰਾ ਜ਼ਮੀਨ ਐਕੁਆਇਰ ਕਰਨ ਸਮੇਂ ਕਾਸ਼ਤਕਾਰਾਂ ਨੂੰ ਮੁਆਵਜ਼ਾ ਰਾਸ਼ੀ ਨਾ ਦੇ ਕੇ ਉੱਚ ਅਧਿਕਾਰੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਕਥਿਤ ਫਰਜ਼ੀ ਕਾਸ਼ਤਕਾਰ ਬਣਾ ਕੇ ਉਨ੍ਹਾਂ ਨੂੰ 9 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਦਿੱਤੀ ਗਈ। ਇਸ ਤੋਂ ਇਲਾਵਾ ਉਪਰੋਕਤ ਪਿੰਡਾਂ ਦੇ ਕਿਸਾਨਾਂ ਦੀ ਜੱਦੀ ਜ਼ਮੀਨ ਨੂੰ ਜਾਂਦੇ ਰਸਤੇ ਨੂੰ ਵੀ ਇਸ ਜ਼ਮੀਨ ਦੇ ਨਾਲ ਹੀ ਐਕੁਆਇਰ ਕਰਵਾ ਦਿੱਤੇ ਗਏ ਅਤੇ ਬਾਅਦ ਵਿੱਚ ਇਹ ਸਾਰੀ ਜ਼ਮੀਨ ਪੁੱਡਾ ਨੂੰ ਦੇ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਪਿੰਡ ਪੱਬਰਾ ਦੇ ਸੈਂਕੜੇ ਬਾਜ਼ੀਗਰ ਬਸਤੀ ਵਾਲੇ ਪਰਿਵਾਰਾਂ ਨੂੰ ਕਿਧਰੇ ਵੀ ਰਿਹਾਇਸ਼ੀ ਪਲਾਟ ਨਹੀਂ ਦਿੱਤੇ ਗਏ। ਹੁਣ ਪੁੱਡਾ ਵੱਲੋਂ ਪੰਜ ਪਿੰਡਾਂ ਦੀ ਐਕੁਆਇਰ ਕੀਤੀ ਗਈ ਜ਼ਮੀਨ ਦੁਆਲੇ ਪਿੱਲਰ ਲਗਾ ਕੇ ਕੰਡਿਆਲੀ ਤਾਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਪਿੰਡਾਂ ਦੇ ਖੇਤ ਮਜ਼ਦੂਰਾਂ, ਜ਼ਮੀਨ ਦੇ ਅਸਲ ਕਾਸ਼ਤਕਾਰਾਂ ਨੂੰ ਢੁੱਕਵੀਂ ਮੁਆਵਜ਼ਾ ਰਾਸ਼ੀ ਅਤੇ ਬਾਜ਼ੀਗਰ ਬਸਤੀ ਦੇ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਨਹੀਂ ਦਿੱਤੇ ਜਾਂਦੇ, ਉਸ ਸਮੇਂ ਤਕ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਜੱਦੀ ਜ਼ਮੀਨ ਦੇ ਮਾਲਕ ਕਿਸਾਨਾਂ ਦੀਆਂ ਜ਼ਮੀਨਾਂ ਵਾਲੇ ਰਸਤੇ ਨਹੀਂ ਛੱਡੇ ਜਾਂਦੇ, ਉਦੋਂ ਤੱਕ ਪਿੰਡਾਂ ਦੇ ਲੋਕ ਪੁੱਡਾ ਨੂੰ ਜ਼ਮੀਨ ਦੁਆਲੇ ਕੰਡਿਆਲੀ ਤਾਰ ਨਹੀਂ ਲਗਾਉਣ ਦੇਣਗੇ।
ਜ਼ਮੀਨਾਂ ਨੂੰ ਟਰੈਕਟਰਾਂ ਰਾਹੀਂ ਵਾਹੁਣ ਦੀ ਧਮਕੀ
ਧਰਨੇ ਵਾਲੀ ਥਾਂ ’ਤੇ ਪੁੱਜੇ ਤਹਿਸੀਲਦਾਰ ਰਾਮ ਕਿਸ਼ਨ ਅਤੇ ਨਾਇਬ ਤਹਿਸੀਲਦਾਰ ਰਾਜੀਵ ਕੁਮਾਰ ਨੂੰ ਧਰਨਾਕਾਰੀਆਂ ਨੇ ਮੰਗ ਪੱਤਰ ਸੌਂਪਿਆ। ਉਨ੍ਹਾਂ ਨੇ ਦੋ ਦਿਨਾਂ ਤੱਕ ਮੰਗਾਂ ਨਾ ਮੰਨੇ ਜਾਣ ’ਤੇ ਐਕੁਆਇਰ ਕੀਤੀ ਸਾਰੀ ਜ਼ਮੀਨ ਪਿੰਡਾਂ ਦੇ ਲੋਕਾਂ ਵੱਲੋਂ ਟਰੈਕਟਰਾਂ ਨਾਲ ਵਹਾ ਦੇਣ ਦੀ ਚਿਤਾਵਨੀ ਦਿੱਤੀ ਗਈ।