ਪੱਤਰ ਪ੍ਰੇਰਕ
ਰਾਜਪੁਰਾ, 25 ਜੁਲਾਈ
ਗੈਰਮਿਆਰੀ ਸੂਰਜਮੁਖੀ ਦਾ ਬੀਜ ਵੇਚਣ ਵਾਲੇ ਤਿੰਨ ਦੁਕਾਨਦਾਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਇਥੋਂ ਦੇ ਫੁਹਾਰਾ ਚੌਕ ਵਿੱਚ ਕਿਸਾਨ ਧਰਨਾ ਜਾਰੀ ਹੈ। ਕਿਸਾਨਾਂ ਨੂੰ ਇਨਸਾਫ ਦੁਆਉਣ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵੱਲੋਂ 28 ਜੁਲਾਈ ਨੂੰ ਰਾਜਪੁਰਾ ਵਿੱਚ ਜ਼ਿਲ੍ਹਾ ਪੱਧਰੀ ਰੋਸ ਰੈਲੀ ਕਰਕੇ ਪੰਜਾਬ ਪੱਧਰ ਦਾ ਸੰਘਰਸ਼ ਆਰੰਭਿਆ ਜਾਵੇਗਾ। ਧਰਨੇ ਨੂੰ ਸਮਰਥਨ ਦੇਣ ਲਈ ਪੁੱਜੇ ਸਮਾਜ ਸੇਵੀ ਅਤੇ ਕਿਸਾਨ ਆਗੂ ਬੇਅੰਤ ਸਿੰਘ ਝੁੰਗੀਆਂ ਸਮੇਤ ਹੋਰਨਾਂ ਨੇ ਆਖਿਆ ਕਿ ਇਸ ਖੇਤਰ ਦੇ ਸੈਂਕੜੇ ਕਿਸਾਨਾਂ ਨੂੰ ਟਾਊਨ ਦੇ ਤਿੰਨ ਦੁਕਾਨਦਾਰਾਂ ਵੱਲੋਂ ਖੇਤੀਬਾੜੀ ਵਿਭਾਗ ਦੀ ਮਿਲੀਭੁਗਤ ਨਾਲ ਸੂਰਜਮੁਖੀ ਦਾ ਨਕਲੀ ਬੀਜ ਵੇਚੇ ਜਾਣ ਕਾਰਨ 70 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਸਹਿਣਾ ਪੈ ਰਿਹਾ ਹੈ। ਇਹ ਬੀਜ ਵੇਚਣ ਦੀ ਖੁੱਲ੍ਹ ਦੇਣ ਵਾਲੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਦੁਕਾਨਦਾਰਾਂ ਖਿਲਾਫ ਤਿੰਨ ਮਹੀਨੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਜਿਸ ਕੰਪਨੀ ਦਾ ਬੀਜ ਕਿਸਾਨਾਂ ਨੂੰ ਦਿੱਤਾ ਗਿਆ ਉਹ ਹੈਦਰਾਬਾਦ ਦੀ ਕੰਪਨੀ ਸਾਲ 2009 ਤੋਂ ਬੰਦ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਦੁਕਾਨਦਾਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਧਰਨੇ ਨੂੰ ਯੂਨੀਅਨ ਆਗੂ ਸੁਖਵਿੰਦਰ ਸਿੰਘ ਚਲਹੇੜੀ, ਰਣਜੀਤ ਸਿੰਘ, ਸਤਨਾਮ ਸਿੰਘ, ਬਲਦੇਵ ਸਿੰਘ, ਪੂਰਨ ਸਿੰਘ, ਲੱਖਾ ਸਿੰਘ, ਗੁਰਚਰਨ ਸਿੰਘ ਤੇ ਰਾਮ ਸਿੰਘ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ।