ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਜੁਲਾਈ
ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੇ ਪਿਛਲੇ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਡੀਐੱਫਓ ਦੇ ਦਫ਼ਤਰ ਅੱਗੇ ਧਰਨਾ ਲਾਇਆ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਵੀਰਪਾਲ ਸਿੰਘ ਬੰਮਣਾ, ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸ਼ਾਹਪੁਰ, ਭੁਪਿੰਦਰ ਸਿੰਘ ਸਾਧੋਹੇੜੀ ਅਤੇ ਹਰਜਿੰਦਰ ਸਿੰਘ ਖਰੌੜੀ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ ਪਿਛਲੇ 20-20 ਸਾਲਾਂ ਤੋਂ ਕੰਮ ਕਰਦੇ ਕਾਮਿਆਂ ਨੂੰ ਮੌਕੇ ਦੀਆਂ ਸਰਕਾਰਾਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੱਕਾ ਨਹੀਂ ਕੀਤਾ ਜਾ ਰਿਹਾ। ਘੱਟ ਤਨਖ਼ਾਹਾਂ ’ਤੇ ਕੰਮ ਕਰਦੇ ਕਾਮਿਆਂ ਨੂੰ ਚਾਰ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਮਹਿੰਗਾਈ ਦੇ ਦੌਰ ਵਿੱਚ ਤਨਖ਼ਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ਨੂੰ ਆਪਣੇ ਪਰਿਵਾਰ ਪਾਲਣੇ ਔਖੇ ਹੋ ਗਏ ਹਨ। ਇੱਥੋਂ ਤੱਕ ਕਿ ਉਹ ਆਪਣੇ ਬੱਚਿਆਂ ਦੇ ਸਕੂਲਾਂ ਦੀਆਂ ਫ਼ੀਸਾਂ ਵੀ ਨਹੀਂ ਭਰ ਸਕੇ। ਪੰਜਾਬ ਸਰਕਾਰ ਅਤੇ ਜੰਗਲਾਤ ਅਤੇ ਜੰਗਲੀ ਜੀਵ ਦੇ ਅਧਿਕਾਰੀਆਂ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਕਾਮਿਆਂ ਨੇ ਅੱਜ ਪਟਿਆਲਾ ਵਿੱਚ ਧਰਨਾ ਲਾਇਆ। ਇਸ ਮੌਕੇ ਬੇਅੰਤ ਸਿੰਘ ਰੈਸਲ,ਕਰਨੈਲ ਸਿੰਘ ਪਟਿਆਲਾ, ਜਸਵੰਤ ਸਿੰਘ ਸਰਹਿੰਦ, ਹਰਪ੍ਰੀਤ ਸਿੰਘ ਲੋਚਮਾ ਅਤੇ ਅਵਤਾਰ ਸਿੰਘ ਸੁਧੇਵਾਲ ਨੇ ਵੀ ਸੰਬੋਧਨ ਕੀਤਾ।