ਸੁਭਾਸ਼ ਚੰਦਰ
ਸਮਾਣਾ, 19 ਫਰਵਰੀ
ਸਿਟੀ ਪੁਲੀਸ ਵੱਲੋਂ ਪਿਛਲੇ ਦਿਨੀਂ ਟਰੱਕ ਯੂਨੀਅਨ ਦੇ ਚਾਰ ਮੁਲਾਜ਼ਮਾਂ ਖ਼ਿਲਾਫ਼ ਦਰਜ ਕੀਤੇ ਕੇਸ ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਟਰੱਕ ਅਪਰੇਟਰਾਂ, ਚਾਲਕਾਂ ਤੇ ਸਹਿ ਚਾਲਕਾਂ ਨੇ ਮਿਲ ਕੇ ਬੰਦਾ ਸਿੰਘ ਬਹਾਦਰ ਚੌਕ ਵਿੱਚ ਧਰਨਾ ਮਾਰ ਕੇ ਜਾਮ ਲਗਾ ਦਿੱਤਾ। ਉਨ੍ਹਾਂ ਨੂੰ ਡੀਐੱਸਪੀ ਪ੍ਰਭਜੋਤ ਕੌਰ ਨੇ ਵਿਸ਼ਵਾਸ ‘ਚ ਲੈ ਕੇ ਧਰਨਾ ਖੁੱਲ੍ਹਵਾਇਆ।
ਇਸ ਮੌਕੇ ਟਰੱਕ ਯੂਨੀਅਨ ਦੇ ਬੁਲਾਰਿਆਂ ਨੇ ਡੀਐੱਸਪੀ ਨੂੰ ਦੱਸਿਆ ਕਿ ਉਨ੍ਹਾਂ ਦੇ ਚਾਰ ਸਾਥੀਆਂ ਖ਼ਿਲਾਫ਼ ਨਾਜਾਇਜ਼ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਤੇ ਉਹ ਪਰਚਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨਾਲ ਮੀਟਿੰਗ ਕਰਵਾ ਕੇ ਉਨ੍ਹਾਂ ਨੂੰ ਮਾਲ ਢੋਣ ਲਈ ਉਨ੍ਹਾਂ ਨਾਲ ਸਹਿਮਤ ਕੀਤਾ ਜਾਵੇ। ਇਸ ’ਤੇ ਡੀਐੱਸਪੀ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਉਸ ਵਿੱਚ ਕੋਈ ਵਿਘਨ ਨਾ ਪਾਇਆ ਜਾਵੇ। ਜੋ ਵੀ ਅਸਲ ਤੱਥ ਸਾਹਮਣੇ ਆਉਣਗੇ, ਉਸ ਲਿਹਾਜ਼ ਨਾਲ ਕੇਸ ਦਾ ਹੱਲ ਕੀਤਾ ਜਾਵੇਗਾ।
ਉਨ੍ਹਾਂ ਵਪਾਰੀਆਂ ਨਾਲ ਵੀ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਰਾਜਿੰਦਰ ਸਿੰਘ, ਆਦਿ ਤੋਂ ਇਲਾਵਾ ਸੈਂਕੜੇ ਟਰੱਕ ਅਪਰੇਟਰ ਤੇ ਪੁਲੀਸ ਮੁਲਾਜ਼ਮ ਹਾਜ਼ਰ ਸਨ।