ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਸਤੰਬਰ
ਚੌਥਾ ਦਰਜਾ ਕਰਮਚਾਰੀ ਯੂਨੀਅਨ ਵੱਲੋਂ ਜਲ ਸਰੋਤ ਵਿਭਾਗ ’ਚ ਗੇਟ ਮੀਟਿੰਗ ਕਰਨ ਮਗਰੋਂ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਰੋਸ ਪ੍ਰਗਟ ਕੀਤਾ ਗਿਆ। ਮੁਲਾਜ਼ਮਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਵਿਭਾਗਾਂ ਦੇ ਪੁਨਰਗਠਨ ਦੇ ਬਹਾਨੇ ਸਰਕਾਰ ਨੇ ਵੱਖ ਵੱਖ ਵਿਭਾਗਾਂ ’ਚ ਚੌਥਾ ਦਰਜਾ ਕਰਮਚਾਰੀਆਂ ਦੀਆਂ ਅਨੇਕਾਂ ਅਸਾਮੀਆਂ ਖਤਮ ਕਰ ਦਿੱਤੀਆਂ ਹਨ।
ਇਸ ਦੇ ਨਾਲ ਹੀ ਉਨ੍ਹਾਂ ਡਾਇੰਗ ਕੇਡਰ ਵਿੱਚ ਪਈਆਂ ਅਸਾਮੀਆਂ ਨੂੰ ਸੁਰਜੀਤ ਕਰਵਾਉਣ, ਵਕਰ ਚਾਰਜ, ਡੇਲੀਵੇਜਿਜ਼, ਕੰਟਰੈਕਟ ਤੇ ਆਊਟ ਸੋਰਸ ਸਮੇਤ ਪਾਰਟ ਟਾਈਮ ਸਫ਼ਾਈ ਸੇਵਕਾਂ ਨੂੰ ਪੱਕਾ ਕਰਵਾਉਣ ਤੋਂ ਇਲਾਵਾ ਤਨਖਾਹਾਂ ਵਿੱਚ ਵਾਧਾ, ਡੀਏ ਦੀਆਂ ਕਿਸ਼ਤਾਂ, ਬਰਾਬਰ ਕੰਮ-ਬਰਾਬਰ ਤਨਖਾਹਾਂ ਸਮੇਤ ਕਈ ਹੋਰ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ। ਜਗਮੋਹਨ ਨੌਲੱਖਾ, ਗੁਰਦਰਸ਼ਨ ਸਿੰਘ, ਮਾਧੋ ਲਾਲ, ਰਾਮ ਲਾਲ ਰਾਮਾ ਅਤੇ ਉੱਤਮ ਚੰਦ ਠਾਕੁਰ ਆਦਿ ਆਗੂਆਂ ਨੇ ਕਿਹਾ ਕਿ ਕੱਚੇ ਕਰਮਚਾਰੀਆਂ ਵੱਲੋਂ 24 ਸਤੰਬਰ ਨੂੰ ਕੀਤੀ ਜਾ ਰਹੀ ਪਟਿਆਲਾ ਰੈਲੀ ’ਚ ਚੌਥਾ ਦਰਜਾ ਕਰਮਚਾਰੀ ਵੀ ਸ਼ਾਮਲ ਹੋਣਗੇ।
ਇਸ ਮੌਕੇ ਪਰਮਜੀਤ ਕੌਰ, ਰਤਨ ਸਿੰਘ, ਅਮਰਨਾਥ ਨਰੜੂ, ਹਰਦੇਵ ਸਿੰਘ, ਨਿਰਮਲ ਸਿੰਘ, ਬਲਬੀਰ ਸਿੰਘ, ਰਾਮ ਪਾਲ, ਇੰਦਰਪਾਲ ਵਾਲੀਆ, ਕਿਰਨਪਾਲ ਸਿੰਘ, ਰਾਮ ਦਾਸ, ਸ਼ਾਮ ਸਿੰਘ, ਰਮੇਸ਼ ਕੁਮਾਰ, ਸ਼ਿਵ ਕੁਮਾਰ, ਹਰਬੰਸ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ, ਪ੍ਰਕਾਸ਼ ਸਿੰਘ ਲੁਬਾਣਾ, ਤੇਜਾ ਸਿੰਘ, ਰਾਜਵੰਤ ਕੌਰ, ਕਾਕਾ ਸਿੰਘ ਅਤੇ ਸੁਨੀਲ ਦੱਤ ਹਾਜ਼ਰ ਸਨ।
ਜੰਗਲਾਤ ਕਾਮਿਆਂ ਵੱਲੋਂ ਰੋਸ ਰੈਲੀਆਂ
ਪਟਿਆਲਾ (ਪੱਤਰ ਪ੍ਰੇਰਕ): ਜੰਗਲਾਤ ਕਾਮਿਆਂ ਨੇ ਜੰਗਲਾਤ ਵਿਭਾਗ ਦੇ ਸਾਰੇ ਵਿੰਗਾਂ ਦੇ ਮੁੱਖ ਦਫ਼ਤਰਾਂ ਦੇ ਬਾਹਰ ਰੋਸ ਰੈਲੀਆਂ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਕਾਮਿਆਂ ਦੇ ਪ੍ਰਧਾਨ ਜਗਮੋਹਨ ਸਿੰਘ ਨੌਲੱਖਾ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਿੱਚ ਤਿੰਨ ਮਹੀਨੇ ਤੋਂ ਜੰਗਲੀ ਜੀਵ ਵਿਭਾਗ ਵਿੱਚ ਤੇ ਜੰਗਲਾਤ ਕਾਰਪੋਰੇਸ਼ਨ ਵਿੱਚ ਦੋ ਮਹੀਨੇ ਤੋਂ ਵਰਕਰਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਰੋਸ ਵਜੋਂ ਦਫ਼ਤਰਾਂ ਅੱਗੇ ਰੋਸ ਰੈਲੀਆਂ ਕਰਨ ਉਪਰੰਤ ਅਗਲੇ ਸੰਘਰਸ਼ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਜੇਕਰ 19 ਸਤੰਬਰ ਤੱਕ ਤਨਖ਼ਾਹਾਂ ਨਾ ਮਿਲੀਆਂ ਤਾਂ 20 ਸਤੰਬਰ ਨੂੰ ਰਿਜਨਲ ਮੈਨੇਜਰ, ਵਣ ਮੰਡਲ ਦਫ਼ਤਰ ਤੇ 24 ਸਤੰਬਰ ਨੂੰ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 24 ਸਤੰਬਰ ਦੀ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਪਟਿਆਲਾ ਰੈਲੀ ਤੋਂ ਕੋਈ ਸਬਕ ਨਾ ਲਿਆ ਤਾਂ 2 ਅਕਤੂਬਰ ਨੂੰ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ।