ਖੇਤਰੀ ਪ੍ਰਤੀਨਿਧ
ਪਟਿਆਲਾ, 19 ਸਤੰਬਰ
ਪਾਵਰਕੌਮ ’ਚ ਨੌਕਰੀ ਦੌਰਾਨ ਫੌਤ ਹੋਏ ਮੁਲਾਜ਼ਮਾਂ ਦੇ ਵਾਰਸਾਂ ਵੱਲੋਂ ਤਿੰਨ ਦਿਨ ਪਹਿਲਾਂ ਪਾਵਰਕੌਮ ਦੇ ਸਥਾਨਕ ਮੁੱਖ ਦਫਤਰ ਦੀ ਬਹੁ ਮੰਜ਼ਿਲਾ ਇਮਾਰਤ ਦੀ ਛੱਤ ’ਤੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਜਾਰੀ ਰਿਹਾ। ਤਿੰਨ ਮਹਿਲਾਵਾਂ ਸਮੇਤ 11 ਜਣੇ ਤਿੰਨ ਦਿਨਾਂ ਤੋਂ ਲਗਾਤਾਰ ਛੱਤ ’ਤੇ ਡਟੇ ਹੋਏ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਸਾਥੀਆਂ ਨੇ ਵੀ ਤਿੰਨ ਦਿਨਾਂ ਤੋਂ ਪਾਵਰਕੌਮ ਦਫਤਰ ਦੇ ਮੁੱਖ ਗੇਟ ਅੱਗੇ ਮੋਰਚਾ ਲਾਇਆ ਹੋਇਆ ਹੈ। ਉਹ ਫੌਤ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੇ ਬਦਲੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਦ ਦੀ ਮੰਗ ਕਰ ਰਹੇ ਹਨ।
ਮ੍ਰਿਤਕ ਮੁਲਾਜ਼ਮਾਂ ਦੇ ਆਸ਼ਰਿਤਾਂ ਨੇ ਅੱਜ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਤੇ ਪਾਵਰਕੌਮ ਦੇ ਇੱੱਕ ਡਾਇਰੈਕਟਰ ਦੇ ਘਰ ਨੇੜੇ ਧਰਨਾ ਵੀ ਦਿੱਤਾ। ਇਸ ਦੌਰਾਨ ਪੁਲੀਸ ਨੇ ਕੁਝ ਥਾਵਾਂ ’ਤੇ ਮਜ਼ਾਹਰਾਕਾਰੀਆਂ ਨੂੰ ਰੋਕਿਆ ਵੀ। ਮੁਜ਼ਾਹਰਾਕਾਰੀਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਜਦੋਂ ਤਕ ਪਰਿਵਾਰ ਦੇ ਇਕ ਜੀਅ ਨੂੰ ਸਰਕਾਰ ਨੌਕਰੀ ਨਹੀਂ ਦਿੰਦੀ ਸੰਘਰਸ਼ ਜਾਰੀ ਰਹੇਗਾ।