ਬਹਾਦਰ ਸਿੰਘ ਮਰਦਾਂਪੁਰ
ਘਨੌਰ, 12 ਮਾਰਚ
ਸ਼ੰਭੂ-ਘਨੌਰ ਰੋਡ ’ਤੇ ਪੈਂਦੇ ਪਿੰਡ ਸੰਧਾਰਸੀ ਦੀ ਐੱਨ.ਵੀ ਡਿਸਟਲੀਅਰਜ਼ (ਸ਼ਰਾਬ ਫੈਕਟਰੀ) ਦੇ ਬੁਆਇਲਰ ਦੀ ਚਿਮਨੀ ਵਿੱਚੋਂ ਉੱਡ ਕੇ ਲੋਕਾਂ ਦੇ ਘਰਾਂ ਵਿੱਚ ਡਿੱਗਦੀ ਸੁਆਹ ਤੋਂ ਪ੍ਰੇਸ਼ਾਨ ਪਿੰਡ ਸੰਧਾਰਸੀ ਅਤੇ ਮਿਰਜ਼ਾਪੁਰ ਵਾਸੀਆਂ ਵੱਲੋਂ ਅੱਜ ਸਰਪੰਚ ਗੁਰਮੀਤ ਸਿੰਘ ਤੇ ਪੰਚ ਲਾਭ ਸਿੰਘ ਦੀ ਅਗਵਾਈ ਵਿੱਚ ਫੈਕਟਰੀ ਦੇ ਗੇਟ ਮੂਹਰੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਫੈਕਟਰੀ ਪ੍ਰਬੰਧਕਾਂ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਪੰਜਾਬ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਹਰਵਿੰਦਰ ਸਿੰਘ, ਗੁਰਮੀਤ ਸਿੰਘ, ਰਜੇਸ਼ ਕੌਰ, ਸੁਖਦੇਵ ਸਿੰਘ ਮਿਰਜਾਂਪੁਰ, ਜਰਨੈਲ ਸਿੰਘ ਜੈਲੀ, ਗੁਰਸੇਵਕ ਸਿੰਘ, ਕਰਮਜੀਤ ਕੌਰ ਅਤੇ ਮਲਕੀਤ ਕੌਰ ਕਹਿਣਾ ਹੈ ਕਿ ਫੈਕਟਰੀ ਦੇ ਬੁਆਇਲਰ ਦੀ ਚਿਮਨੀ ਵਿੱਚੋਂ ਉੱਡਦੀ ਸੁਆਹ ਪਿਛਲੇ ਲੰਮੇ ਅਰਸੇ ਤੋਂ ਪਿੰਡ ਸੰਧਾਰਸੀ ਅਤੇ ਮਿਰਜ਼ਾਪੁਰ ਦੇ ਘਰਾਂ ਦੀਆਂ ਛੱਤਾਂ ਤੇ ਵਿਹੜਿਆਂ ਵਿੱਚ ਡਿੱਗਣ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਸੁਆਹ ਦੇ ਡਿੱਗਣ ਕਾਰਨ ਵਿਹੜਿਆਂ ਤੇ ਛੱਤਾਂ ਉੱਪਰ ਧੋ ਦੇ ਸੁੱਕਣੇ ਪਾਏ ਕੱਪੜੇ ਸਮੇਤ ਘਰਾਂ ਵਿੱਚ ਪਿਆ ਹੋਰ ਸਾਮਾਨ ਕਾਲਾ ਪੈ ਜਾਂਦਾ ਹੈ। ਸੁਆਹ ਡਿੱਗਣ ਕਾਰਨ ਫੈਲ ਰਹੇ ਪ੍ਰਦੂਸ਼ਣ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਸਰਪੰਚ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਬੁਆਇਲਰ ਤੋਂ ਡਿੱਗਦੀ ਸੁਆਹ ਕਾਰਨ ਫੈਲਦੇ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਉਹ ਕਈ ਵਾਰ ਪ੍ਰਦੂਸ਼ਣ ਰੋਕਥਾਮ ਬੋਰਡ ਪੰਜਾਬ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ ਅਤੇ ਫੈਕਟਰੀ ਪ੍ਰਬੰਧਕਾਂ ਨੂੰ ਵੀ ਜਾਣੂ ਕਰਵਾ ਚੁੱਕੇ ਹਨ। ਪ੍ਰੰਤੂ ਕੋਈ ਅਮਲ ਨਹੀਂ ਹੋ ਰਿਹਾ। ਉਨ੍ਹਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮੰਗ ਕੀਤੀ ਕਿ ਫੈਕਟਰੀ ਵਿੱਚ ਡਿੱਗਦੀ ਸੁਆਹ ਰੋਕਣ ਲਈ ਢੁਕਵੇਂ ਪ੍ਰਬੰਧ ਕਰਵਾਏ ਜਾਣ, ਨਹੀਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ’ਤੇ ਪੁੱਜੇ ਫੈਕਟਰੀ ਅਧਿਕਾਰੀਆਂ ਮੁਕੇਸ਼ ਪਾਂਡੇ ਅਤੇ ਵਿਕਰਮ ਠਾਕੁਰ ਵੱਲੋਂ ਧਰਨਾਕਾਰੀਆਂ ਨੂੰ ਫੈਕਟਰੀ ਦੀ ਚਿਮਨੀ ਵਿੱਚੋਂ ਡਿੱਗਦੀ ਸੁਆਹ ਦੀ ਜਲਦੀ ਹੀ ਰੋਕਥਾਮ ਕਰਵਾਉਣ ਸਬੰਧੀ ਵਿਸ਼ਵਾਸ ਦਿੱਤੇ ਜਾਣ ’ਤੇ ਧਰਨਾ ਚੁੱਕ ਦਿੱਤਾ।