ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੁਲਾਈ
ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਦੀਆਂ ਛੇ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਵੱਲੋਂ ਅੱਜ ਇੱਥੇ ਕਨਵੈਨਸ਼ਨ ਕੀਤੀ ਗਈ। ਇਸ ਮਗਰੋਂ ਮੰਗਾਂ ਦੀ ਪੂਰਤੀ ਲਈ ਬੱਸ ਅੱਡੇੇ ਦੇ ਅੰਦਰ ਤੇ ਨੇੜਲੇ ਬਾਜ਼ਾਰਾਂ ਵਿੱਚੋਂ ਦੀ ਰੋਸ ਮਾਰਚ ਕਰਦਿਆਂ ਮੁਜ਼ਾਹਰਾ ਵੀ ਕੀਤਾ ਗਿਆ। ਮੁਲਾਜ਼ਮਾਂ ਨੇ ਤਨਖਾਹ ਤੇ ਪੈਨਸ਼ਨ ਦਾ ਭੁਗਤਾਨ ਨਾ ਹੋਣ, ਟਿਕਟ ਘਪਲਾ, ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ, ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਪਾਉਣ ਦਾ ਵਿਰੋਧ ਕਰਨ ਦੇ ਮਸਲੇ ਚੁੱਕੇ।ਇਸ ਕਨਵੈਨਸ਼ਨ ਅਤੇ ਮਾਰਚ ਦੀ ਅਗਵਾਈ ਨਿਰਮਲ ਧਾਲੀਵਾਲ ਸਮੇਤ ਉਤਮ ਬਾਗੜੀ, ਬਲਦੇਵ ਰਾਜ ਬੱਤਾ, ਹਰਪ੍ਰੀਤ ਖੱਟੜਾ, ਸੁੱਚਾ ਸਿੰਘ, ਗੁਰਜੰਟ ਸਿੰਘ ਤੇ ਮੁਹੰਮਦ ਖਲੀਲ ਨੇ ਕੀਤੀ। ਆਗੂਆਂ ਕਿਹਾ ਕਿ ਪੀ.ਆਰ.ਟੀ.ਸੀ. ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਵੀ ਸਮੇਂ ਸਿਰ ਨਹੀਂ ਮਿਲ ਰਹੀ। ਸਰਕਾਰ ਵੱਲੋਂ ਖੜ੍ਹੇ ਅਦਾਰੇ ਦੇ 200 ਕਰੋੜ ਬਕਾਏ ਦਾ ਖਮਿਆਜ਼ਾ ਮੁਲਾਜ਼ਮ ਭੁਗਤ ਰਹੇ ਹਨ। ਕਮੇਟੀ ਆਗੂਆਂ ਨੇ ਐਲਾਨ ਕੀਤਾ ਕਿ ਮਸਲਿਆਂ ਦਾ ਹੱਲ ਨਾ ਹੋਣ ’ਤੇ 21 ਜੁਲਾਈ ਨੂੰ ਸਮੁੱਚੇ ਕਰਮਚਾਰੀ ਹੜਤਾਲ ਕਰਨਗੇ।