ਰਵੇਲ ਸਿੰਘ ਭਿੰਡਰ
ਪਟਿਆਲਾ, 5 ਜਨਵਰੀ
ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਕਈ ਦਿਨਾਂ ਬਾਅਦ ਰੋਸ ਧਰਨਾ ਮੁੜ ਆਰੰਭਿਆ ਗਿਆ ਹੈ। ਅੱਜ ਇਸ ਧਰਨੇ ਵਿਚ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸ਼ੀਏਸ਼ਨ (ਪੂਟਾ), ਏ-ਕਲਾਸ ਅਫਸਰਜ਼ ਐਸੋਸੀਏਸ਼ਨ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਅਧਿਆਪਕਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।
ਖਰਾਬ ਮੌਸਮ ਦੇ ਬਾਵਜੂਦ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਦਿੱਤੇ ਧਰਨੇ ਦੌਰਾਨ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ ਦੀ ਮੁਲਾਜ਼ਮ ਮੰਗਾਂ ਤੇ ਯੂਨੀਵਰਸਿਟੀ ਦੀ ਹਾਲਤ ’ਤੇ ਤਿੱਖੀ ਆਲੋਚਨਾ ਕੀਤੀ ਗਈ। ਇਸ ਗੱਲੋਂ ਡਾਢਾ ਗਿਲਾ ਕੀਤਾ ਕਿ ਜਨਵਰੀ ਮਹੀਨੇ ਦੇ 5 ਦਿਨ ਬੀਤ ਜਾਣ ਤੋਂ ਬਾਅਦ ਵੀ ਅਧਿਆਪਕਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਖਾਤੇ ਵਿਚ ਹਾਲੇ ਤਕ ਤਨਖਾਹ ਨਹੀਂ ਪਾਈ ਗਈ, ਇਸ ਤੋਂ ਇਲਾਵਾ ਸਮੁੱਚੇ ਵਰਗ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹੀ ਖੜ੍ਹੀਆਂ ਹਨ। ਵੱਖ ਵੱਖ ਆਗੂਆਂ ਆਖਿਆ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਸੁਧਾਰਨ ਲਈ ਯਕਮੁਸ਼ਤ ਗਰਾਂਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਧਰਨੇ ਵਿਚ ਜੁਆਇੰਟ ਐਕਸ਼ਨ ਕਮੇਟੀ ਨੇ ਜੋ ਕਿ ਪਿਛਲੀ ਮੀਟਿੰਗ ਵਿਚ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਨਾ ਅਤੇ ਉਨਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਸੀ ਅਤੇ ਜੋ ਅਧਿਆਪਕ, ਕਰਚਮਾਰੀ ਅਤੇ ਪੈਨਸ਼ਨਰ ਕਿਸਾਨ ਮੋਰਚੇ ਵਿਚ ਸ਼ਮੂਲੀਅਤ ਕਰਕੇ ਅਤੇ ਕਿਸਾਨਾਂ ਦੀ ਮਦਦ ਕਰਕੇ ਆਏ ਹਨ, ਦਾ ਸਵਾਗਤ ਕੀਤਾ। ਡਾ. ਰਾਜਦੀਪ ਸਿੰਘ ਨੇ ਦੱਸਿਆ ਕਿ ਐਕਸ਼ਨ ਕਮੇਟੀ ਨੇ ਮੰਗਾਂ ਦੇ ਹੱਕ ‘ਚ ਸੰਘਰਸ਼ ਨੂੰ ਹੋਰ ਮਘਾਉਣ ਦਾ ਵੀ ਫੈਸਲਾ ਲਿਆ।