ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ
ਇੱਥੇ ਅੱਜ ਸਥਾਨਕ ਸ਼ਬਜੀ ਮੰਡੀ ਸੁਨਾਮ ਅੰਦਰ ਸੀਪੀਆਈ (ਐੱਮ) ਦੀ ਤਹਿਸੀਲ ਇਕਾਈ ਵੱਲੋ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਮਾੜੀ ਸਥਿਤੀ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸੱਕਤਰ ਕਾਮਰੇਡ ਭੂਪ ਚੰਦ ਚੰਨੋ, ਤਹਿਸੀਲ ਸੁਨਾਮ ਦੇ ਸੱਕਤਰ ਕਾਮਰੇਡ ਵਰਿੰਦਰ ਕੌਸ਼ਿਕ, ਸਤਵੀਰ ਸਿੰਘ ਤੂੰਗਾਂ, ਕਾਮਰੇਡ ਹੰਗੀ ਖਾਂ ਅਤੇ ਰਾਮ ਸਿੰਘ ਸੋਹੀਆਂ ਨੇ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਸੂਬੇ ਅੰਦਰ ਨਿੱਤ ਦਿਨ ਕਤਲ, ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਔਰਤਾਂ ਦੇ ਕੰਨਾਂ ਦੀਆਂ ਵਾਲੀਆਂ, ਪਰਸ ਅਤੇ ਮੋਬਾਈਲ ਫੋਨ ਆਦਿ ਸ਼ਰ੍ਹੇਆਮ ਖੋਹੇ ਜਾ ਰਹੇ ਹਨ। ਲੋਕਾਂ ਦੀ ਹਿਫਾਜ਼ਤ ਲਈ ਪੁਲੀਸ ਮੂਕ ਦਰਸ਼ਕ ਬਣ ਕੇ ਰਹਿ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਜੇ ਆਮ ਲੋਕਾਂ ਦੀ ਹਿਫਾਜ਼ਤ ਲਈ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਤਿੱਖੇ ਸੰਘਰਸ਼ ਵਿੱਢਿਆ ਜਾਵੇਗਾ। ਕਮਿਊਨਿਸਟ ਆਗੂਆਂ ਨੇ ਸੁਨਾਮ ਦੀ ਸਬਜ਼ੀ ਮੰਡੀ ਵਿੱਚ ਪਾਰਕਿੰਗ ਫੀਸ ਦੇ ਹੋਏ ਠੇਕੇ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਕਾਮਰੇਡ ਨਿਰਮਲ ਸਿੰਘ, ਰੇਹੜੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼ ਸ਼ਾਮਲ ਸਨ।