ਦਰਸ਼ਨ ਸਿੰਘ ਮਿੱਠਾ/ਬਹਾਦਰ ਸਿੰਘ
ਰਾਜਪੁਰਾ, 1 ਜੁਲਾਈ
ਰਾਜਸਥਾਨ ਦੇ ਉਦੈਪੁਰ ਵਿੱਚ ਦਰਜੀ ਕਨ੍ਹੱਈਆ ਲਾਲ ਦੀ ਹੱਤਿਆ ਦੇ ਵਿਰੋਧ ਵਿਚ ਅੱਜ ਇੱਥੋਂ ਦੇ ਪ੍ਰਭਾਕਰ ਚੌਕ (ਟਾਹਲੀ ਵਾਲਾ) ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੀ ਅਗਵਾਈ ਹੇਠ ਵੱਖ-ਵੱਖ ਹਿੰਦੂ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੋਵੇਂ ਮੁਲਜ਼ਮਾਂ ਦਾ ਪੁਤਲਾ ਵੀ ਫੂਕਿਆ ਗਿਆ। ਹਿੰਦੂ ਨੇਤਾ ਅਸ਼ੋਕ ਚੱਕਰਵਰਤੀ, ਡਾ. ਸੰਦੀਪ ਕੁਮਾਰ, ਸਤੀਸ਼ ਕੁਮਾਰ ਤੇ ਗੋਪੀ ਨਾਥ ਨੇ ਕਿਹਾ ਕਿ ਕਨ੍ਹੱਈਆ ਲਾਲ ਦੀ ਹੱਤਿਆ ਇਕ ਫ਼ਿਰਕੂ ਹੱਤਿਆ ਹੈ। ਉਨ੍ਹਾਂ ਰਾਜਸਥਾਨ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਨਿੰਦਾ ਕਰਦਿਆਂ ਕਿਹਾ ਕਿ ਕਨ੍ਹੱਈਆ ਲਾਲ ਨੇ ਪੁਲੀਸ ਕੋਲ ਫ਼ਰਿਆਦ ਕੀਤੀ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਪਰ ਪੁਲੀਸ ਨੇ ਭਰੋਸੇ ਮਗਰੋਂ ਉਸ ਦੇ ਲਗਭਗ 6 ਦਿਨ ਬਾਅਦ ਆਪਣੀ ਦੁਕਾਨ ਖੋਲ੍ਹੀ ਤਾਂ ਦੋਵੇਂ ਕਥਿਤ ਜਹਾਦੀਆਂ ਨੇ ਗਾਹਕ ਬਣ ਕੇ ਉਸ ਦੀ ਦੁਕਾਨ ਵਿੱਚ ਹੀ ਉਸ ਦੀ ਹੱਤਿਆ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਹਰਲੇ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਆਪਣੀ ਦੁਕਾਨ, ਮਕਾਨ ਆਦਿ ਕਿਰਾਏ ‘ਤੇ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਕੀਤੀ ਜਾਵੇ। ਇਸ ਮੌਕੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਉਪਰੰਤ ਉਨ੍ਹਾਂ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਕੱਨ੍ਹਈਆ ਲਾਲ ਦੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਿੰਦੂ ਨੇਤਾ ਰਾਮ ਵਸ਼ਿਸ਼ਟ, ਨਰੇਸ਼ ਪੰਡਤ ਅਤੇ ਰੌਕੀ ਤੋਂ ਇਲਾਵਾ ਹੋਰ ਮੌਜੂਦ ਸਨ।