ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 21 ਅਗਸਤ
ਰਾਜਸਥਾਨ ਵਿੱਚ ਪਾਣੀ ਪੀਣ ਤੋਂ ਇੱਕ ਦਲਿਤ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਮਗਰੋਂ ਹੋਈ ਉਸਦੀ ਮੌਤ ਦੇ ਰੋਸ ਵਜੋਂ ਰਾਜਪੁਰਾ ਦੇ ਅੰਬੇਡਕਰ ਚੌਕ ’ਚ ਦਲਿਤ ਜਥੇਬੰਦੀਆਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਰਾਜਸਥਾਨ ਸਰਕਾਰ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁਜ਼ਾਹਰੇ ਨੂੰ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਬਿੱਟੂ, ਸਫ਼ਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਨਾਹਰ ਅਤੇ ਰਵਿਦਾਸ ਸਭਾ ਰਾਜਪੁਰਾ ਦੇ ਪ੍ਰਧਾਨ ਦਰਸ਼ਨ ਬਨਵਾੜੀ ਤੋਂ ਇਲਾਵਾ ਮਦਨ ਲਾਲ ਅਤੇ ਕਾਕਾ ਲੰਬੜਦਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਭਾਰਤ ਵਿਸ਼ਵ ਸ਼ਕਤੀ ਵੱਲ ਵਧ ਰਿਹਾ ਹੈ. ਪਰ ਰਾਜਸਥਾਨ ਦਾ ਦਲਿਤ ਬੱਚੇ ਇੰਦਰ ਮੇਘਵਾਲ ਦੀ ਹੱਤਿਆ ਲੋਕਤੰਤਰ ਅਤੇ ਸਮੇਂ ਦੀ ਸਰਕਾਰ ਦੇ ਮੂੰਹ ’ਤੇ ਕਰਾਰੀ ਚਪੇੜ ਹੈ।
ਉਨ੍ਹਾਂ ਇੰਦਰ ਮੇਘਵਾਲ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਸ ਮੌਕੇ ਸਕੂਲੀ ਬੱਚਿਆਂ ਆਂਚਲ, ਸੁਨੇਹਾ, ਪ੍ਰੈਟੀ ਵੱਲੋਂ ਸੰਗਲਾਂ ਅਤੇ ਜਿੰਦਿਆਂ ਨਾਲ ਜਕੜੇ ਇੱਕ ਪਾਣੀ ਦੇ ਘੜੇ ਨੂੰ ਚੌਕ ’ਚ ਭੰਨ ਕੇ ਸੁਨੇਹਾ ਦਿੱਤਾ ਗਿਆ ਕਿ ਪਾਣੀ ਆਜ਼ਾਦ ਹੈ। ਇਸ ਮੌਕੇ ਦਰਸ਼ੀ ਕਾਂਤ, ਦੀਪ ਮੱਟੂ, ਸਾਹਿਤਲ ਮੱਟੂ, ਅਮਰੀਕ ਸਿੰਘ, ਰਿੱਕੀ ਧਮੌਲੀ, ਸੁਰੇਸ ਬੀਰ, ਪ੍ਰਮੋਦ ਕੁਮਾਰ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਬਿੰਦਰ ਜੰਡੋਲੀ, ਪ੍ਰਿੰਸ ਬਨਵਾੜੀ, ਕਮਲ ਭੋਗਲਾ ਤੇ ਮਨਦੀਪ ਧਾਲੀਵਾਲ ਸਮੇਤ ਹੋਰ ਨੌਜਵਾਨ ਮੌਜੂਦ ਸਨ।