ਪੱਤਰ ਪ੍ਰੇਰਕ
ਪਟਿਆਲਾ, 28 ਸਤੰਬਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੀ ਸਰਕਾਰੀ ਛੁੱਟੀ ਨਾ ਕਰਨ ’ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਵਿਧਾਨ ਸਭਾ ’ਚ ਨਾ ਵਿਚਾਰਨ ਤੇ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਈਮ ਮੁਲਾਜ਼ਮਾਂ ਦੀਆਂ ਉਜ਼ਰਤਾਂ ’ਚ ਵਾਧਾ ਨਾ ਕਰਨ ਤੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੀ ਠੇਕੇਦਾਰੀ ਪ੍ਰਥਾ ਦਾ ਮੱਕੜ ਜਾਲ ਖ਼ਤਮ ਨਾ ਕਰਨ ’ਤੇ ਵੀ ਰੋਸ ਪ੍ਰਗਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਤੇ ਅਫ਼ਸਰ ਸ਼ਾਹੀ ਦੇ ਆਸ਼ੀਰਵਾਦ ਨਾਲ ਠੇਕੇਦਾਰ ਤੇ ਠੇਕਾ ਏਜੰਸੀਆਂ ਵੱਲੋਂ ਕਿਰਤੀਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਆਮ ਆਦਮੀ ਸਰਕਾਰ ਵੀ ਠੱਲ੍ਹ ਨਹੀਂ ਪਾ ਸਕੀ ਤੇ ਇਹ ਲੁੱਟ ਖਸੁੱਟ ਅੱਜ ਵੀ ਜਾਰੀ ਹੈ। ਆਗੂਆਂ ਨੇ ਮੰਗ ਕੀਤੀ ਕਿ ‘ਮਾਨ ਸਰਕਾਰ’ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇੰਨੀ ਹੀ ਹਿਤੈਸ਼ੀ ਹੈ ਤਾਂ ਉਨ੍ਹਾਂ ਦੇ ਜਨਮ ਦਿਨ ’ਤੇ ਘੱਟੋ-ਘੱਟ ਉਜ਼ਰਤਾਂ 21000 ਰੁਪਏ ਕਰਨ ਦਾ ਐਲਾਨ ਕਰੇ।