ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਅਕਤੂਬਰ
ਮਾਰਕੀਟ ਕਮੇਟੀ ਪਾਤੜਾਂ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਸ਼ੈਲਰਾਂ ਦੇ ਫੜ੍ਹਾਂ ਨੂੰ ਆਰਜ਼ੀ ਫੜ੍ਹਾਂ ਵਜੋਂ ਨਾ ਵਰਤਣ ਦੇ ਨਾਦਰਸ਼ਾਹੀ ਫੁਰਮਾਨ ਦੇ ਖ਼ਿਲਾਫ਼ ਆੜ੍ਹਤੀ ਐਸੋਸੀਏਸ਼ਨ ਪਾਤੜਾਂ ਨੇ ਸਰਕਾਰੀ ਤੇ ਗੈਰ ਸਰਕਾਰੀ ਬੋਲੀ ਬੰਦ ਕਰਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ਵਿਚ ਸ਼ਾਮਲ ਆੜ੍ਹਤੀਆਂ ਨੇ ਪੰਜਾਬ ਸਰਕਾਰ ਤੇ ਮੰਡੀਕਰਨ ਬੋਰਡ ਦੇ ਖ਼ਿਲਾਫ਼ ਕੀਤੀ ਤੇ ਫੜ੍ਹਾਂ ਦੀ ਘਾਟ ਪੂਰੀ ਨਾ ਹੋਣ ਤੱਕ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ । ਦੂਸਰੇ ਪਾਸੇ ਮਾਰਕੀਟ ਕਮੇਟੀ ਵੱਲੋਂ ਫ਼ੜ੍ਹਾਂ ਦੀ ਘਾਟ ਸਬੰਧੀ ਮੰਡੀ ਬੋਰਡ ਨੂੰ ਜੋ ਪੱਤਰ ਭੇਜਿਆ ਸੀ ਉਸ ਦਾ ਜਵਾਬ ਨਾ ਆਉਣ ਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆੜ੍ਹਤੀ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਸੁਖਬੀਰ ਸਿੰਘ ਮੌਲਵੀਵਾਲਾ ਅਤੇ ਜਨਰਲ ਸਕੱਤਰ ਤੇਜਪਾਲ ਸ਼ਰਮਾ ਨੇ ਕਿਹਾ ਹੈ ਕਿ ਛੇ ਦਹਾਕੇ ਪਹਿਲਾਂ ਬਣੀ ਅਨਾਜ ਮੰਡੀ ਪਾਤੜਾਂ ਕੋਲ ਆਪਣਾ ਸਿਰਫ ਦੱਸ ਏਕੜ ਦਾ ਫੜ੍ਹ ਸੀ ਜਦੋਂ ਕਿ ਅਨਾਜ ਮੰਡੀ ਵਿੱਚ ਸਾਉਣੀ ਦੇ ਸੀਜ਼ਨ ਦੌਰਾਨ ਹਰ ਸਾਲ ਝੋਨੇ ਦੀ ਆਮਦ ਪੰਜਾਹ ਲੱਖ ਗੱਟੇ ਤੋਂ ਵੱਧ ਹੋਣ ਕਰਕੇ ਸੌ ਏਕੜ ਤੋਂ ਵੱਧ ਦੇ ਫੜ੍ਹਾਂ ਦੀ ਜ਼ਰੂਰਤ ਪੈਂਦੀ ਹੈ।
ਊਨ੍ਹਾਂ ਕਿਹਾ ਕਿ ਸ਼ਹਿਰ ਵਿਚਲੇ ਸੱਤਰ ਦੇ ਕਰੀਬ ਸ਼ੈਲਰਾਂ ਕੋਲ ਦੋ ਏਕੜ ਤੋਂ ਵੱਧ ਪੱਕੇ ਫੜ੍ਹਾਂ ਨੂੰ ਲੰਮੇ ਸਮੇਂ ਤੋਂ ਮਾਰਕੀਟ ਕਮੇਟੀ ਪਾਤੜਾਂ ਆਰਜ਼ੀ ਤੌਰ ’ਤੇ ਵਰਤੋਂ ਵਿੱਚ ਲਿਆ ਕੇ ਬੁੁਤਾ ਸਾਰਦੀ ਆ ਰਹੀ ਹੈ। ਇਸ ਵਾਰ ਫੂਡ ਸਪਲਾਈ ਵਿਭਾਗ ਅਤੇ ਮਾਰਕੀਟ ਕਮੇਟੀ ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਆਰਜ਼ੀ ਫੜ੍ਹਾਂ ਦੀ ਵਰਤੋਂ ਉੱਤੇ ਰੋਕ ਲਗਾ ਕੇ ਝੋਨੇ ਨੂੰ ਸੜਕਾਂ ਰੋਲ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਪਿਛਲੇ ਹਫ਼ਤੇ ਅਨਾਜ ਮੰਡੀ ਵਿਚ ਦੌਰੇ ਉੱਤੇ ਆਏ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਮੰਗ ਕੀਤੀ ਸੀ ਕਿ ਜਦੋਂ ਤੱਕ ਨਵੀਂ ਅਨਾਜ ਮੰਡੀ ਨਹੀਂ ਬਣ ਜਾਂਦੀ ਤੇ ਉਸ ਸਮੇਂ ਤੱਕ ਸ਼ੈੱਲਰਾਂ ਦੇ ਫੜ੍ਹਾਂ ਨੂੰ ਪੱਕੇ ਸਬ ਯਾਰਡ ਘੋਸ਼ਿਤ ਕੀਤਾ ਜਾਵੇ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਅਨਾਜ ਮੰਡੀ ਵਿੱਚ ਫੜ੍ਹਾਂ ਦੀ ਘਾਟ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲਿਆਉਣ ਮਗਰੋਂ ਮਾਮਲੇ ਦਾ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਮੰਡੀ ਬੋਰਡ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਜੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ।
ਮੰਡੀ ਬੋਰਡ ਨੂੰ ਭੇਜੇ ਪੱਤਰ ਦਾ ਜਵਾਬ ਨਹੀਂ ਆਇਆ: ਸਕੱਤਰ
ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸ਼ੈੱਲਰਾਂ ਦੇ ਫੜ੍ਹਾਂ ਨੂੰ ਸਬ ਯਾਰਡ ਨਾ ਬਣਾਉਣ ਦੀਆਂ ਹਦਾਇਤਾਂ ਤਹਿਤ ਆੜ੍ਹਤੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਦੂਸਰੇ ਪਾਸੇ ਫੜ੍ਹਾਂ ਦੀ ਘਾਟ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੇ ਹਲ ਲਈ ਮੰਡੀ ਬੋਰਡ ਨੂੰ ਕਰੀਬ ਮਹੀਨਾ ਪਹਿਲਾਂ ਭੇਜੇ ਪੱਤਰ ਕੋਈ ਜਵਾਬ ਨਹੀਂ ਆਇਆ।