ਪੱਤਰ ਪ੍ਰੇਰਕ
ਸਮਾਣਾ, 28 ਜੁਲਾਈ
ਨਗਰ ਕੌਂਸਲ ਸਮਾਣਾ ਵੱਲੋਂ ਪ੍ਰਾਪਰਟੀ ਟੈਕਸ ਦੀ ਨਾਜਾਇਜ਼ ਵਸੂਲੀ ਦੇ ਢੰਗ ਨੂੰ ਲੈ ਕੇ ਸ਼ਹਿਰ ਦੇ ਵਪਾਰੀ ਵਰਗ ’ਚ ਭਾਰੀ ਰੋਸ ਹੈ। ਸ਼ਹਿਰ ਦੇ ਵਪਾਰੀ ਵਰਗ ਦੇ ਕੁਝ ਲੋਕਾਂ ਨੇ ਨਗਰ ਕੌਂਸਲ ਅਹਾਤੇ ’ਚ ਆਪਣਾ ਰੋਸ ਜਾਹਿਰ ਕਰਦੇ ਹੋਏ ਪ੍ਰਵੀਨ ਸ਼ਰਮਾ, ਮੰਗਤ ਰਾਏ, ਪਿ੍ਰੰਸ ਮਿੱਤਲ, ਹਨੀ ਜਿੰਦਲ, ਰਾਮੇਸ਼ ਕੁਮਾਰ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਕ ਮਹੀਨੇ ’ਚ ਤਿੰਨ ਨੋਟਿਸ ਭੇਜਣ ਮਗਰੋਂ ਨਗਰ ਨਿਗਮ ਅਧਿਕਾਰੀਆਂ ਨੇ ਲੱਖਾਂ ਰੁਪਏ ਦੇ ਪ੍ਰਾਪਰਟੀ ਟੈਕਸ ਵਸੂਲਣ ਤੇ ਅਦਾ ਨਾ ਕਰਨ ਦੀ ਹਾਲਤ ’ਚ ਦੁਕਾਨਾਂ ਨੂੰ ਸੀਲ ਕਰਨਾ ਇਕ ਤਾਨਾਸ਼ਾਹੀ ਫੁਰਮਾਣ ਨਿੰਦਨਯੋਗ ਹੈ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਤੋਂ ਅਸਲ ਟੈਕਸ ਹੀ ਵਸੂਲਿਆਂ ਜਾਵੇ ਨਾ ਕਿ ਜੁਰਮਾਨੇ ’ਤੇ ਜੁਰਮਾਨਾ ਲਗਾ ਕੇ ਬਣਦੀ ਰਕਮ ਨੂੰ ਚਾਰ ਗੁਣਾ ਦਰਸਾ ਕੇ ਵੱਧ ਕਰਜਦਾਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਰੋਨਾ ਕਾਲ ਕਾਰਨ ਉਲਝੇ ਤੇ ਮਹਿੰਗਾਈ ਦੀ ਮਾਰ ਕਾਰਨ ਵਪਾਰੀ ਮੰਦੀ ’ਚੋਂ ਲੰਘ ਰਿਹਾ ਹੈ। ਦੂਜੇ ਪਾਸੇ ਸਰਕਾਰ ਦੀਆਂ ਮਾਰੂ ਨੀਤੀਆਂ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਨ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਚਿੰਗ ਸੈਂਟਰ ਦੇ ਬੱਚਿਆਂ ਨੂੰ ਬਾਹਰ ਕੱਢ ਕੇ ਸੈਂਟਰ ਸੀਲ ਕਰਨਾ ਨਿੰਦਣਯੋਗ ਹੈ। ਜੋ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਪਾਰੀ ਵਰਗ ਦੇ ਲੋਕਾਂ ਨੇ ਦੱਸਿਆ ਕਿ ਜੇ ਸਰਕਾਰ ਨੇ ਇਸ ਸੰਬਧੀ ਕੋਈ ਠੋਸ ਹੱਲ ਨਾ ਕੱਢਿਆ ਤਾਂ ਸ਼ਨੀਵਾਰ ਨੂੰ ਸ਼ਹਿਰ ਦੇ ਸਾਰੇ ਵਪਾਰੀ ਭਾਰੀ ਗਿਣਤੀ ’ਚ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦੇਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।