ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 16 ਫਰਵਰੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਨ ਆਉਣ ਵਾਲੇ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਹੋਸਟਲ ਸੀਟਾਂ ਨਾ ਦਿੱਤੇ ਜਾਣ ਦੇ ਮਾਮਲੇ ਦਾ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਵਲੋਂ ਤਿੱਖਾ ਵਿਰੋਧ ਜਤਾਇਆ ਗਿਆ ਹੈ। ਇਸ ਸਬੰਧੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵਲੋਂ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਰਵਨੀਤ ਕੌਰ (ਆਈ.ਏ.ਐੱਸ) ਨੂੰ ਮੰਗ ਪੱਤਰ ਭੇਜਦਿਆਂ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੀਆਂ ਹੋਸਟਲ ਅਲਾਟਮੈਂਟ ਸਮੇਂ ਰਾਖਵਾਂਕਰਨ ਦੇ ਹਿਸਾਬ ਨਾਲ ਸੀਟਾਂ ਦੇਣ ਅਤੇ ਸੀਟਾਂ ਦੇਣ ਤੋਂ ਬਾਅਦ ਪਹਿਲ ਦੇ ਅਧਾਰ ’ਤੇ ਅਡਜਸਟਮੈਂਟ ਕਰਨ ਦੀ ਮੰਗ ਕੀਤੀ ਹੈ। ਡਾ. ਮੱਟੂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀਆਂ ਬਣਦੀਆਂ ਹੋਸਟਲ ਸੀਟਾਂ ਨਾ ਦਿੱਤੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੁਪਰਡੈਂਟ ਦੇਵਕੀ ਦੇਵੀ, ਕਸ਼ਮੀਰ ਸਿੰਘ, ਵਿਦਿਆਰਥੀ ਆਗੂ ਸੰਦੀਪ ਸਿੰਘ ਹਾਜ਼ਰ ਸਨ।