ਖੇਤਰੀ ਪ੍ਰਤੀਨਿਧ
ਸਨੌਰ, 7 ਫਰਵਰੀ
ਹਲਕਾ ਸਨੌਰ ਤੋ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਬਿਕਰਮ ਚਾਹਲ ਨੇ ਕਈ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੌਣ ਕਲਾਂ, ਬੋਹੜਪੁਰ ਜ਼ਨਹੇੜੀਆਂ, ਭਟੇੜੀ ਕਲਾਂ, ਦੌਣ ਖੁਰਦ, ਰੀਠਖੇੜੀ, ਸੁਨਿਆਰਹੇੜੀ, ਪਨੌਦੀਆ, ਮੁਹੱਬਤਪੁਰ, ਸ਼ੰਕਰਪੁਰ, ਕੌਲ, ਬੀੜ ਕੌਲੀ, ਧਰੇੜੀ ਜੱਟਾਂ, ਰਿਸ਼ੀ ਕਲੋਨੀ ਅਤੇ ਚੌਰਾ ਆਦਿ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਦੇ ਫਰਜੰਦ ਹਨ। ਆਪਣੇ ਸੰਬੋਧਨ ’ਚ ਉਨ੍ਹਾਂ ਨੇ ਖੁਸ਼ਹਾਲ ਕਿਸਾਨ ਅਤੇ ਖੁਸ਼ਹਾਲ ਪੰਜਾਬ ਦਾ ਨਾਅਰਾ ਦਿੱਤਾ। ਉਨ੍ਹਾਂ ਨੇ ਕਿਹਾ ਕੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਐੱਮਐੱਸਪੀ ਵਿਵਸਥਾ ਦਾ ਵਿਸਥਾਰ ਕਰਦੇ ਹੋਏ ਫਲਾਂ, ਸਬਜ਼ੀਆਂ, ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਵੀ ਘੱਟੋ-ਘੱਟ ਸਮਰਥਨ ਯਕੀਨੀ ਬਣਾਇਆ ਜਾਵੇਗਾ। ਫਸਲੀ ਵਿਭਿੰਨਤਾ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਤ ਕਰਨ ਲਈ 5000 ਕਰੋੜ ਦਾ ਸਾਲਾਨਾ ਬਜਟ ਮਨਜ਼ੂਰ ਕੀਤਾ ਜਾਵੇਗਾ।