ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੂਨ
ਇਲਾਕੇ ਦੇ ਦਲਿਤ ਆਗੂਆਂ ਨੇ ਪੀ.ਪੀ.ਐੱਸ. ਅਫਸਰਾਂ ਨੂੰ ਆਈ.ਪੀ.ਐੱਸ. ਵਜੋਂ ਤਰੱਕੀਆਂ ਦੇ ਮਾਮਲੇ ’ਚ ਦਲਿਤ ਅਤੇ ਪੱਛੜੇ ਸਮਾਜ ਨਾਲ ਸਬੰਧਤ ਪੀ.ਪੀ.ਐੱਸ. ਅਫਸਰਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਾਏ ਹਨ, ਜਿਸ ਨੂੰ ਲੈ ਕੇ ਦਲਿਤ ਸਮਾਜ ਦੇ ਇਨ੍ਹਾਂ ਆਗੂਆਂ ਨੇ ਅੱਜ ਇਥੇ ਮਿਨੀ ਸਕੱਤਰੇਤ ਵਿੱਚ ਸਥਿਤ ਡਾ. ਅੰਬੇਡਕਰ ਦੇ ਬੁੱੱਤ ’ਤੇ ਪਹੁੰਚ ਕੇ ਸਰਕਾਰ ਦੇ ਖ਼ਿਲਾਫ਼ ਰੋਸ ਦਾ ਇਜ਼ਹਾਰ ਕੀਤਾ। ‘ਅੰਬੇਡਕਰ ਸਮਾਜਿਕ ਚੇਤਨਾ ਮਹਾਂ ਸਭਾ’ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਰਾਣਾ, ‘ਡਾ. ਬੀ.ਆਰ. ਅੰਬੇਡਕਰ ਕਲੱਬ’ ਦੇ ਪ੍ਰਧਾਨ ਸਤਵਿੰਦਰ ਸਿੰਘ ਅਤੇ ਬਸਪਾ ਦੇ ਜਨਰਲ ਸਕੱਤਰ ਕੁਸ਼ਿਵੰਦਰ ਕਲਿਆਣ ਦੀ ਅਗਵਾਈ ਵਿੱਚ ਇਥੇ ਪੁੱਜੇ ਦਲਿਤ ਆਗੂਆਂ ਅਤੇ ਬੁੱਧੀਜੀਵੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਰਿਜ਼ਰਵੇਸ਼ਨ ਪਾਲਿਸੀ ਦੀ ਪਾਲਣਾ ਨਾ ਕਰਕੇ ਦਲਿਤਾਂ ਨਾਲ ਧਰੋਹ ਕਮਾਅ ਰਹੀ ਹੈ। ਉਨ੍ਹਾਂ ਦਾ ਤਰਕ ਸੀ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਜਿਹੜੀ 24 ਪੀ.ਪੀ.ਐਸ. ਅਧਿਕਾਰੀਆਂ ਦੀ ਤਰੱਕੀਆਂ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ, ਉਸ ਵਿੱਚ ਦਲਿਤ ਅਤੇ ਪੱਛੜੇ ਸਮਾਜ ਨਾਲ ਸਬੰਧਤ ਇੱਕ ਵੀ ਅਫਸਰ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪਛੜੇ, ਅਨੁਸੂਚਿਤ ਜਾਤੀਆਂ ਨਾਲ਼ ਸਬੰਧਤ ਅਫਸਰਾਂ ਨੂੰ ਵੀ ਇਹ ਤਰੱਕੀਆਂ ਦਿੱਤੀਆਂ ਜਾਣ।