ਪੱਤਰ ਪ੍ਰੇਰਕ
ਸਮਾਣਾ, 27 ਅਕਤੂਬਰ
ਨੌਜਵਾਨ ਭਾਰਤ ਸਭਾ ਨੇ ਚਿੱਟੇ ਖ਼ਿਲਾਫ਼ ਮੁਹਿੰਮ ਨੂੰ ਤੇਜ਼ ਕਰਨ ਦਾ ਅਹਿਦ ਲਿਆ ਹੈ। ਇਸ ਸਬੰਧ ਵਿੱਚ ਪਹਿਲੀ ਤੋਂ 16 ਨਵੰਬਰ ਤੱਕ ਪੰਦਰਵਾੜਾ ਮਨਾ ਕੇ ਪੰਜਾਬ ਵਾਸੀਆਂ ਨੂੰ ਚਿੱਟੇ ਖ਼ਿਲਾਫ਼ ਜਾਗਰੂਕ ਕੀਤਾ ਜਾਵੇਗਾ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਸਭਾ ਦੇ ਸੂਬਾਈ ਪ੍ਰਧਾਨ ਰੁਪਿੰਦਰ ਚੌਂਦਾ ਦੀ ਪ੍ਰਧਾਨਗੀ ਹੇਠ ਸਮਾਣਾ ਵਿੱਚ ਨੌਜਵਾਨ ਭਾਰਤ ਸਭਾ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਵੀ ਹੋਈ। ਇਸ ਮੌਕੇ ਸੂਬਾਈ ਆਗੂ ਦਵਿੰਦਰ ਛਬੀਲਪੁਰ ਤੇ ਕੁਲਵੀਰ ਟੋਡਰਪੁਰ ਨੇ ਕਿਹਾ ਕਿ ਚਿੱਟੇ ਨਾਲ ਹਰ ਰੋਜ਼ ਕਈ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ। ਸਭਾ ਦੇ ਜ਼ਿਲ੍ਹਾ ਸਕੱਤਰ ਖੁਸ਼ਵੰਤ ਹਨੀ ਨੇ ਪੰਜਾਬ ਵਿੱਚ ਖੇਡ ਨੀਤੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਭਾਰਤ ਸਭਾ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾਗਰੂਕਤਾ ਪੰਦਰਵਾੜਾ ਮਨਾਇਆ ਜਾਵੇਗਾ।