ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਨਵੰਬਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੇ 409 ਪਿੰਡਾਂ ਤੇ ਪਟਿਆਲਾ ਸ਼ਹਿਰ ਨੂੰ ਨਹਿਰ ਵਿੱਚੋਂ ਸ਼ੁੱਧ ਕਰਕੇ ਪਾਣੀ ਦਿੱਤੇ ਜਾਣ ਦੇ ਮਾਮਲੇ ਨੂੰ ਅਜੇ ਬੂਰ ਨਹੀਂ ਪੈ ਰਿਹਾ। 474 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲਾ ਇਹ ਪ੍ਰਾਜੈਕਟ ਲਮਕ ਚੁੱਕਾ ਹੈ, ਉੱਧਰ ਪਟਿਆਲਾ ਸ਼ਹਿਰ ਨੂੰ ਨਹਿਰੀ ਪਾਣੀ ਸੋਧ ਕੇ ਦੇਣ ਦਾ ਐਲਾਨ ਵੀ ਦੋ ਸਾਲ ਪਹਿਲਾਂ ਕੀਤਾ ਗਿਆ ਸੀ ਭਾਵੇਂ ਉਸ ਦਾ ਨੀਂਹ ਪੱਥਰ ਹੁਣ ਰੱਖਿਆ ਹੈ ਪਰ ਕੰਮ ਸ਼ੁਰੂ ਨਹੀਂ ਹੋਇਆ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਫਰਵਰੀ 2019 ’ਚ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਰੱਖਦਿਆਂ ਕਿਹਾ ਸੀ ਕਿ 2020 ’ਚ ਇਹ ਪ੍ਰਾਜੈਕਟ ਪੂਰਾ ਹੋ ਜਾਵੇਗਾ। ਇਸ ਪ੍ਰਾਜੈਕਟ ਅਧੀਨ ਮੁੱਖ ਤੌਰ ’ਤੇ ਟਰੀਟਮੈਂਟ ਪਲਾਂਟ ਹਲਕਾ ਘਨੌਰ ਦੇ ਪਿੰਡ ਪੱਬਰਾ , ਮੰਡੌਲੀ ਤੇ ਨਾਨੋਵਾਲ ’ਚ ਲੱਗਣੇ ਸਨ, ਜਿਸ ਨਾਲ ਸਨੌਰ, ਘਨੌਰ ਤੇ ਕੁਝ ਹੋਰ ਜ਼ਿਲ੍ਹੇ ਦੇ ਪਿੰਡਾਂ ਨੂੰ ਪਾਣੀ ਦਿੱਤਾ ਜਾਣਾ ਸੀ। ਪਰ ਹੁਣ 2020 ਖ਼ਤਮ ਹੋਣ ਵਾਲਾ ਹੈ ਅਜੇ ਤੱਕ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ ਜਿਸ ਕਾਰਨ ਲੋਕਾਂ ’ਚ ਨਿਰਾਸ਼ਾ ਹੈ। ਅਧਿਕਾਰੀਆਂ ਅਨੁਸਾਰ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਨੈਸ਼ਨਲ ਵਾਟਰ ਕੁਆਲਿਟੀ ਸਬ ਮਿਸ਼ਨ ਤੇ ਦਿਹਾਤੀ ਪੀਣ ਵਾਲੇ ਪਾਣੀ ਦੀ ਪੂਰਤੀ ਪ੍ਰੋਗਰਾਮ ਤਹਿਤ ਤਜਵੀਜ਼ ਕੀਤੇ ਗਏ ਇਨ੍ਹਾਂ ਪ੍ਰਾਜੈਕਟਾਂ ਨੂੰ ਬਣਾਓ, ਚਲਾਊ ਤੇ ਟਰਾਂਸਫ਼ਰ ਕਰੋ ਦੇ ਆਧਾਰ ’ਤੇ ਬਣਨ ਵਾਲੇ ਇਹ ਪ੍ਰਾਜੈਕਟ ਜੇ ਸ਼ੁਰੂ ਹੋ ਕੇ ਪੂਰਾ ਹੋ ਜਾਂਦਾ ਤਾਂ 50 ਸਾਲਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਸਨ ਪਰ ਇਹ ਸਿਰਫ਼ ਦਾਅਵਿਆਂ ਤੱਕ ਹੀ ਸੀਮਤ ਹੋ ਗਿਆ। ਪੰਜਾਬ ਸਰਕਾਰ ਦਾ ਦਾਅਵਾ ਸੀ ਕਿ ਇਸ ਪ੍ਰਾਜੈਕਟ ਨਾਲ 6 ਕਰੋੜ ਲੀਟਰ ਸ਼ੁੱਧ ਪਾਣੀ ਮੁਹੱਈਆ ਕਰਾਇਆ ਜਾਵੇਗਾ ਜਿਸ ਤਹਿਤ ਮੰਡੌਲੀ ਵਾਲੇ ਟਰੀਟਮੈਂਟ ਪਲਾਂਟ ਤੋਂ ਰੋਜ਼ਾਨਾ 3.50 ਕਰੋੜ ਲੀਟਰ ਸਾਫ਼ ਤੇ ਸ਼ੁੱਧ ਪੀਣ ਯੋਗ ਪਾਣੀ, ਪਿੰਡ ਪੱਬਰਾ ਦੇ ਜਲ ਟਰੀਟਮੈਂਟ ਪਲਾਂਟ ਤੋਂ 112 ਪਿੰਡਾਂ ਨੂੰ 1.80 ਕਰੋੜ ਲੀਟਰ ਜਲ ਤੇ ਪਿੰਡ ਨਾਨੋਵਾਲ 1 ਕਰੋੜ ਲੀਟਰ ਸਾਫ਼ ਪਾਣੀ ਨਿਕਲਣਾ ਸੀ। ਇਹ ਪ੍ਰਾਜੈਕਟ ਸਿਆਸੀ ਆਗੂਆਂ ਦੀ ਨਜ਼ਰ ’ਚ ਵੀ ਹੈ, ਜਿਸ ਤਹਿਤ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਸ਼ਹਿਰੀ ਪ੍ਰਧਾਨ ਜਸਬੀਰ ਸਿੰਘ ਗਾਂਧੀ, ਸੰਗਠਨ ਸਕੱਤਰ ਗਗਨ ਚੱਢਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦਾ ਕੰਮ ਲੋਕਾਂ ਨੂੰ ਬੁੱਧੂ ਬਣਾਉਣਾ ਹੈ।
ਜਲਦੀ ਸ਼ੁਰੂ ਹੋਵੇਗਾ ਕੰਮ : ਵਿਧਾਇਕ
ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇਸ ਬਹੁ ਕਰੋੜੀ ਪ੍ਰਾਜੈਕਟ ਲਈ ਦਾਅਵਾ ਕੀਤਾ ਹੈ ਕਿ ਇਹ ਕੰਮ ਜਲਦ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਕੋਲੋਂ ਇਹ ਪ੍ਰਾਜੈਕਟ ਉਨ੍ਹਾਂ ਆਪ ਪਾਸ ਕਰਵਾਇਆ ਸੀ ਜਿਸ ਨਾਲ 409 ਪਿੰਡਾਂ ਦੇ ਕਰੀਬ 6 ਲੱਖ ਲੋਕਾਂ ਨੂੰ ਲਾਭ ਮਿਲੇਗਾ।
ਜਲਦੀ ਡਿਜ਼ਾਈਨ ਪੇਸ਼ ਕਰਨ ਦੇ ਹੁਕਮ ਦਿੱਤੇ: ਗੋਇਲ
ਇਸ ਸਬੰਧੀ ਪਬਲਿਕ ਹੈਲਥ ਦੇ ਐੱਸ ਈ ਗੋਇਲ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਬਣਾਉਣ ਵਾਲੀ ਕੰਪਨੀ ਨੂੰ ਜਲਦੀ ਹੀ ਡਿਜ਼ਾਈਨ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਬਕਾਇਦਾ ਟੈਂਡਰ ਹੋ ਚੁੱਕਾ ਹੈ ਤੇ ਇਹ ਜਲਦੀ ਸ਼ੁਰੂ ਹੋਵੇਗਾ।