ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 19 ਸਤੰਬਰ
ਗੁਰਮਤਿ ਸੰਗੀਤ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਦੇ 101ਵੇਂ ਜਨਮ ਦਿਨ ਦੇ ਮੌਕੇ ਪ੍ਰੋ. ਤਾਰਾ ਸਿੰਘ ਸਮ੍ਰਿਤੀ ਸਮਾਗਮ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਕੇ ਵੈਬਿਨਾਰ ਦੇ ਰੂਪ ਵਿੱਚ ਕਰਵਾਇਆ ਗਿਆ। ਆਰੰਭ ਵਿੱਚ ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਚੇਅਰ ਵੱਲੋਂ ਜਾਰੀ ਕਾਰਜਾਂ ਦਾ ਬਿਓਰਾ ਦਿੱਤਾ ਜਿਸ ਉਪਰੰਤ ਡਾ. ਨਿਵੇਦਿਤਾ ਸਿੰਘ ਨੇ ਦੱਸਿਆ ਕਿ ਪ੍ਰੋ. ਤਾਰਾ ਸਿੰਘ ਦਾ ਪੰਜਾਬ ਵਿੱਚ ਸੰਗੀਤ ਵਿਸ਼ੇ ਦੀ ਅਕਾਦਮਿਕ ਸਥਾਪਤੀ, ਗੁਰਮਤਿ ਸੰਗੀਤ ਦੇ ਖੇਤਰ ਵਿੱਚ ਮੁੱਢਲਾ ਖੋਜ ਕਾਰਜ ਅਤੇ ਗੁਰਬਾਣੀ ਦਾ ਸੁਰਲਿਪੀਬੱਧ ਕਾਰਜ ਕਰਨ ਵਿੱਚ ਅਹਿਮ ਯੋਗਦਾਨ ਹੈ।
ਉਦਘਾਟਨੀ ਸ਼ਬਦ ਵੀਸੀ ਡਾ. ਬੀ.ਐੱਸ. ਘੁੰਮਣ ਨੇ ਆਖੇ। ਇਸ ਉਪਰੰਤ ਪ੍ਰੋ. ਤਾਰਾ ਸਿੰਘ ਨਾਲ ਜੁੜੀਆਂ ਸਮ੍ਰਿਤੀਆਂ ਸਾਂਝੀਆਂ ਕਰਦਿਆਂ ਪ੍ਰਿੰਸੀਪਲ ਡਾ. ਸੁਰਿੰਦਰ ਕਪਿਲਾ ਨੇ ਆਪਣੇ ਉਸਤਾਦ ਪ੍ਰਤੀ ਅਕੀਦਤ ਭੇਟ ਕੀਤੀ ਅਤੇ ਪ੍ਰੋ. ਤਾਰਾ ਸਿੰਘ ਦੀ ਬਹੁਪੱਖੀ ਸ਼ਖ਼ਸੀਅਤ ’ਤੇ ਚਾਨਣਾ ਪਾਇਆ। ਪ੍ਰੋ. ਸਾਹਿਬ ਵੱਲੋਂ ਸੁਰਬੱਧ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਦਾ ਗਾਇਨ ਡਾ. ਅਲੰਕਾਰ ਸਿੰਘ ਅਤੇ ਵਿਦਿਆਰਥੀਆਂ ਨੇ ਕੀਤਾ।
ਇਸੇ ਦੌਰਾਨ ਭੌਤਿਕ ਵਿਗਿਆਨ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ-ਰੋਜ਼ਾ ਵੈਬਿਨਾਰ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਫਲਸਫਾ, ਰਚਨਾ ਅਤੇ ਸਿੱਖਿਆਵਾਂ’ ਵਿਸ਼ੇ ’ਤੇ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀਐੱਸ ਘੁੰਮਣ, ਪ੍ਰੋ. ਜਸਪਾਲ ਕੌਰ ਧੰਜੂ (ਸਾਬਕਾ ਡੀਨ ਰਿਸਰਚ), ਡਾ. ਦਲਜੀਤ ਸਿੰਘ (ਮੁਖੀ, ਪੰਜਾਬ ਇਤਿਹਾਸ ਅਧਿਐਨ ਵਿਭਾਗ ਅਤੇ ਇੰਚਾਰਜ ਗੁਰੂ ਤੇਗ ਬਹਾਦਰ ਨੈਸ਼ਨਲ ਇਨਟਾਇਗ੍ਰੇਸ਼ਨ ਚੇਅਰ ਨੇ ਆਪਣੇ ਵਿਚਾਰ ਰੱਖੇ।