ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਮਈ
ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ 27 ਤੇ 28 ਅਪਰੈਲ ਦੀ ਰਾਤ ਨੂੰ ਤਿੰਨ ਕੈਦੀਆਂ ਦੇ ਫ਼ਰਾਰ ਹੋਣ ਦੇ ਮਾਮਲੇ ਵਿੱਚ ਜੇਲ੍ਹ ਦੇ ਦੋ ਅਧਿਕਾਰੀਆਂ ਅਤੇ ਇੱਕ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਆਈਜੀ (ਜੇਲ੍ਹਾਂ) ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ (ਨਾਈਟ ਡਿਊਟੀ ਅਫ਼ਸਰ), ਸਹਾਇਕ ਸੁਪਰਡੈਂਟ ਤਰਲੋਚਨ ਸਿੰਘ (ਵਾਰਡ ਇੰਚਾਰਜ) ਅਤੇ ਜੇਲ੍ਹ ਵਾਰਡਨ ਸੰਤ ਸਿੰਘ (ਨਾਈਟ ਡਿਊਟੀ) ਖ਼ਿਲਾਫ਼ ਕਾਰਵਾਈ ਕੀਤੀ ਗਈ।
ਫ਼ਰਾਰ ਹੋਏ ਕੈਦੀਆਂ ’ਚ ਕੈਦੀਆਂ ਦੇ ਤਬਾਦਲਿਆਂ ਸਬੰਧੀ ਸੰਧੀ ਅਧੀਨ ਯੂਕੇ ਤੋਂ ਲਿਆਂਦਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਦਾ ਸ਼ੇਰ ਸਿੰਘ ਵੀ ਸ਼ਾਮਲ ਹੈ। ਉਸ ਨੂੰ ਕਤਲ ਮਾਮਲੇ ਵਿੱਚ ਯੂਕੇ ਦੀ ਇੱਕ ਅਦਾਲਤ ਨੇ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਇਸੇ ਤਰ੍ਹਾਂ ਕਤਲ ਮਾਮਲੇ ’ਚ ਹਵਾਲਾਤੀ (ਵਿਚਾਰ ਅਧੀਨ ਕੈਦੀ) ਜਸਪ੍ਰੀਤ ਸਿੰਘ (ਸਾਬਕਾ ਫ਼ੌਜੀ) ਅਤੇ ਨਸ਼ਾ ਤਸਕਰੀ ਕੇਸਾਂ ’ਚ ਸਜ਼ਾ ਯਾਫ਼ਤਾ ਇੰਦਰਜੀਤ ਸਿੰਘ ਧਿਆਨਾ ਵੀ ਸ਼ਾਮਲ ਸੀ। ਹਾਲਾਂਕਿ, ਹਫ਼ਤੇ ਮਗਰੋਂ ਪਟਿਆਲਾ ਪੁਲੀਸ ਨੇ ਇੰਦਰਜੀਤ ਧਿਆਨਾ ਨੂੰ ਕਪੂਰਥਲਾ ਜ਼ਿਲ੍ਹੇ ਵਿੱਚ ਉਸ ਦੇ ਪਿੰਡੋਂ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਕੀ ਦੋਵਾਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਸੀਆਈਏ ਸਟਾਫ ਪਟਿਆਲਾ ਵੱਲੋਂ ਕੀਤੀ ਗਈ ਲੰਬੀ ਜਾਂਚ ਪੜਤਾਲ ਦੌਰਾਨ ਕੈਦੀਆਂ ਦੇ ਫ਼ਰਾਰ ਹੋਣ ਪਿੱਛੇ ਜੇਲ੍ਹ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ। ਜੇਲ੍ਹ ਅਧਿਕਾਰੀਆਂ ਨੇ ਮੁਅੱਤਲੀ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ।