ਸਰਬਜੀਤ ਸਿੰਘ ਭੰਗੂ
ਪਟਿਆਲਾ,11 ਜਨਵਰੀ
ਡਾਹਰੀਆਂ ਪਿੰਡ ਦੇ ਯੂਥ ਕਲੱਬ ਦੇ ਪ੍ਰਧਾਨ ਸੁਲੱਖਣ ਸਿੰਘ ਅਕਾਲੀ ਦਲ ਛੱਡ ਕੇ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਇਹ ਐਲਾਨ ਉਨ੍ਹਾਂ ਨੇ ਅੱਜ ਇਥੇ ਨੇੜਲੇ ਪਿੰਡ ਜਲਾਲਪੁਰ ਸਥਿਤ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਿਹਾਇਸ਼ ’ਤੇ ਕੀਤਾ। ਜਿਸ ਦੌਰਾਨ ਵਿਧਾਇਕ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਜਲਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਵਿੱਚ ਕਾਂਗਰਸ ਪਾਰਟੀ ਨੂੰ ਨਿੱਤ ਦਿਨ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਹਲਕਾ ਵਾਸੀਆਂ ਨੇ ਉਸ ਨੂੰ 36 ਹਜ਼ਾਰ ਤੋਂ ਵੀ ਵੱਧ ਦੀ ਲੀਡ ਦੇ ਕੇ ਪੰਜਾਬ ਭਰ ਵਿੱਚੋਂ ਤੀਜੇ ਸਥਾਨ ’ਤੇ ਲਿਆਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਐਤਕੀ ਉਨ੍ਹਾਂ ਦੀ ਲੀਡ ਪਹਿਲਾਂ ਨਾਲ਼ੋਂ ਵੀ ਵਧੇਗੀ। ਜਲਾਲਪੁਰ ਨੇ ਹੋਰ ਕਿਹਾ ਕਿ ਉਨ੍ਹਾਂ ਨੇ ਘਨੌਰ ਹਲਕੇ ਦਾ ਜੋ ਵਿਕਾਸ ਕਰਵਾਇਆ ਹੈ, ਇਹ ਵੀ ਰਿਕਾਰਡ ਹੈ। ਕਿਉਂਕਿ ਹੁਣ ਤੱਕ ਇਸ ਹਲਕੇ ’ਚ ਅਕਾਲੀ ਸਰਕਾਰ ਨੇ ਤਾਂ ਇਸ ਤੋਂ ਚੌਥਾ ਹਿੱਸਾ ਵੀ ਪੈਸਾ ਨਹੀਂ ਸੀ ਖਰਚਿਆ। ਇਸ ਮੌਕੇ ਪਿੰਡ ਡਾਹਰੀਆਂ ਦੇ ਪੰਚਾਇਤ ਮੈਂਬਰ ਕੇਵਲ ਸਿੰਘ, ਸਤਨਾਮ ਕੌਰ, ਗੁਰਪ੍ਰੀਤ ਸਿੰਘ, ਮੰਗਲ ਸਿੰਘ, ਗਿਆਨ ਸਿੰਘ, ਬੁੱਧ ਸਿੰਘ ਕਲੱਬ ਪ੍ਰਧਾਨ, ਬੂਟਾ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਮੌਜੂਦ ਸਨ।
‘ਆਪ’ ਦੇ ਸੂਬਾਈ ਆਗੂ ਸ਼ਾਹਪੁਰ ਅਕਾਲੀ ਦਲ ਵਿੱਚ ਸ਼ਾਮਲ
ਰਾਜਪੁਰਾ (ਪੱਤਰ ਪ੍ਰੇਰਕ): ਹਲਕਾ ਰਾਜਪੁਰਾ ਵਿੱਚ ਪਾਰਟੀ ਕਿਸਾਨ ਵਿੰਗ ਦੇ ਸੂਬਾਈ ਆਗੂ ਅਤੇ ਰਾਜਪੁਰਾ ਵਿੱਚ ਪਾਰਟੀ ਦੇ ਫਾਊਂਡਰ ਮੈਂਬਰ ਪ੍ਰਿੰਸੀਪਲ ਧਰਮਿੰਦਰ ਸਿੰਘ ਸ਼ਾਹਪੁਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਵਿੱਚ ਸ਼ਮਲ ਹੋਣ ’ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਰਾਜਪੁਰਾ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਸ਼ਾਹਪੁਰ ਦਾ ਸਨਮਾਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮਹਿੰਦਰ ਕੁਮਾਰ ਪੱਪੂ, ਨਰਦੇਵ ਸਿੰਘ ਆਕੜੀ ਅਤੇ ਤਰਲੋਚਨ ਸਿੰਘ ਚੰਦੂਮਾਜਰਾ ਸਮੇਤ ਹੋਰ ਮੌਜੂਦ ਸਨ।