ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੂਨ
ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸਾਰਥਕ ਰੰਗਮੰਚ ਦੇ ਸਹਿਯੋਗ ਨਾਲ ‘ਮੰਗਲਕਾਮਨਾ’ ਦੇ ਬੈਨਰ ਹੇਠਾਂ ਕਰਵਾਏ ਪ੍ਰੋਗਰਾਮ ਦੌਰਾਨ ‘ਟੂਮਾਂ’ ਨਾਟਕ ਖੇਡਿਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਨਾਟਕ ਦੇ ਸੰਦੇਸ਼ ਨੂੰ ਆਪਣੇ ਮਨਾਂ ਵਿੱਚ ਲੈ ਕੇ ਜਾਣ ਨੂੰ ਕਿਹਾ। ਇਸ ਤੋਂ ਪਹਿਲਾਂ ਵਿਭਾਗ ਦੇ ਨਵੇਂ ਇੰਚਾਰਜ ਡਾ. ਗਗਨ ਥਾਪਾ ਵੱਲੋਂ ਸਵਾਗਤ ਕੀਤਾ ਗਿਆ।
ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ ਇਸ ਨਾਟਕ ਨੂੰ ਡਾ. ਲੱਖਾ ਲਹਿਰੀ ਨੇ ਨਿਰਦੇਸ਼ਤ ਕੀਤਾ। ਨਾਟਕ ਦੀ ਕਹਾਣੀ ਪੰਜਾਬ ਦੇ ਖਿੱਤੇ ਵਿੱਚ ਪ੍ਰਚੱਲਿਤ ਲੋਕ ਗਾਥਾ ‘ਕਿਹਰ ਸਿੰਘ ਦੀ ਮੌਤ’ ਉੱਤੇ ਆਧਾਰਿਤ ਹੈ। ਇਹ ਕਹਾਣੀ ਮਾਪਿਆਂ ਦੇ ਭੋਲ਼ੇ ਭਾਲ਼ੇ ਤੇ ਇਕਲੌਤੇ ਪੁੱਤ ਕਿਹਰ ਸਿੰਘ ਦੇ ਦੁਆਲ਼ੇ ਹੀ ਘੁੰਮਦੀ ਹੈ। ਪੰਜਾਬ ਵਿੱਚ ਮੁਜ਼੍ਹਾਰਿਆਂ ਦੇ ਧੀਆਂ ਪੁੱਤਾਂ ਦੇ ਸਾਕ ਵਿਆਹ ਨਾ ਹੋਣ ਕਾਰਨ ਆਉਂਦੀਆਂ ਸਮੱਸਿਆਵਾਂ ਨੂੰ ਵੀ ਇਸ ਨਾਟਕ ’ਚ ਉਭਾਰਿਆ ਗਿਆ ਹੈ। ਇਸ ਵੱਡ-ਅਕਾਰੀ ਪੇਸ਼ਕਾਰੀ ਵਿੱਚ ਮੰਚ ਦੇ ਮੰਝੇ ਹੋਏ ਕਲਾਕਾਰਾਂ ਵਿਪੁੱਲ ਅਹੂਜਾ, ਕਿਰਨਪ੍ਰੀਤ ਕੌਰ, ਫਤਿਹ ਸੋਹੀ, ਦਮਨਪ੍ਰੀਤ, ਸੰਜੀਵ ਰਾਏ, ਅਰਨਪ੍ਰੀਤ ਕੌਰ, ਮਨਦੀਪ ਸਿੰਘ, ਗੁਰਦਿੱਤ ਪਹੇਸ਼, ਜਗਰਾਜ ਸੰਧੂ ਆਦਿ ਦਾ ਯੋਗਦਾਨ ਰਿਹਾ। ਪਰਦੇ ਪਿੱਛੇ ਹੋਰ ਕਲਾਕਾਰਾਂ ਵਿੱਚ ਲਵਪ੍ਰੀਤ (ਰੌਸ਼ਨੀ), ਸ਼ਬਦੀਸ਼, ਅਜਮੇਰ ਸਿੰਘ ਔਲਖ ਤੇ ਬਾਬਾ ਬੇਲੀ (ਗੀਤ), ਲਵ ਪੰਨੂ ਦੀ ਸੁਰੀਲੀ ਆਵਾਜ਼ ਨੇ ਦਰਸ਼ਕਾਂ ਉੱਤੇ ਆਪਣਾ ਜਾਦੂ ਬਿਖੇਰਿਆ। ਕੋਰਸ ਵਿੱਚ ਉਸ ਦਾ ਸਾਥ ਸਹਿਰਾਬ, ਨਿਰਭੈ ਅਤੇ ਕੋਮਲਪ੍ਰੀਤ ਸਿੰਘ ਨੇ ਨਿਭਾਇਆ।