ਪੱਤਰ ਪ੍ਰੇਰਕ
ਰਾਜਪੁਰਾ, 27 ਜੁਲਾਈ
ਇਥੋਂ ਦੇ ਬਹਾਵਲਪੁਰ ਭਵਨ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਵੰਡ ਹਲਕਾ ਪਟਿਆਲਾ ਦੇ ਨਿਗਰਾਨ ਇੰਜਨੀਅਰ ਗੁਰਤੇਜ ਸਿੰਘ ਚਹਿਲ ਦੀ ਦੇਖਰੇਖ ਵਿੱਚ ‘ਉਜਵਲ ਭਾਰਤ ਉਜਵਲ ਭਵਿੱਖ’ ਊਰਜਾ 2047 ਤਹਿਤ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਇਲਾਕਾ ਵਾਸੀਆਂ ਤੇ ਬਿਜਲੀ ਕਾਮਿਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਹਲਕਾ ਵਿਧਾਇਕ ਨੀਨਾ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਪੀਐੱਸਪੀਸੀਐੱਲ (ਪਾਵਰਕੌਮ) ਦੇ ਮੁਲਾਜ਼ਮਾਂ ਵੱਲੋਂ ਬਿਜਲੀ ਖੇਤਰ ’ਤੇ ਨੁੱਕੜ ਨਾਟਕ ਤੇ ਗੀਤ ਰਾਹੀਂ ਬਿਜਲੀ ਦੀ ਚੋਰੀ ਨਾ ਕਰਨ ਤੇ ਬਿਜਲੀ ਦੀ ਸਹੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਬਿਜਲੀ ਦੀ ਚੋਰੀ ਨਾ ਕਰਨ ਅਤੇ ਇਸ ਦੀ ਬੱਚਤ ਬਾਰੇ ਪ੍ਰੇਰਿਆ ਗਿਆ। ਇਸ ਮੌਕੇ ਇਨ੍ਹਾਂ ਸਕੀਮਾਂ ਦੇ ਲਾਭਪਾਤਰੀ ਖਪਤਕਾਰ ਨਿਰੰਜਣ ਸਿੰਘ ਢੰਕਾਨਸੂ ਤੇ ਗੁਰਬਖਸ਼ ਸਿੰਘ ਮਾਂਗਪੁਰ ਨੇ ਇਨ੍ਹਾਂ ਸਕੀਮਾਂ ਤੋਂ ਪ੍ਰਾਪਤ ਲਾਭ ਬਾਰੇ ਦੱਸਿਆ। ਭੰਗੜਾ ਟੀਮ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਧਾਇਕ ਨੀਨਾ ਮਿੱਤਲ ਨੇ ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਨ ਦਾ ਵਿਸ਼ਵਾਸ ਦੁਆਇਆ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਰੋਕਣ ਸਬੰਧੀ ਅੱਜ ਸਮਾਗਮ ਦੌਰਾਨ ਖੇਡੇ ਗਏ ਨੁੱਕੜ ਨਾਟਕਾਂ ਦੀ ਤਰਜ਼ ’ਤੇ ਹੋਰ ਪਿੰਡਾਂ ਵਿੱਚ ਵੀ ਨੁੱਕੜ ਨਾਟਕ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਇੰਜਨੀਅਰ ਗੁਰਤੇਜ ਸਿੰਘ ਚਹਿਲ ਨੇ ਸਮਾਗਮ ਵਿੱਚ ਪੁੱਜੇ ਲੋਕਾਂ ਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ।