ਨਿੱਜੀ ਪੱਤਰ ਪ੍ਰੇਰਕ
ਭਾਦਸੋਂ, 19 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 31 ਨੂੰ ਦਿੱਤੇ ਰੇਲ ਰੋਕੋ ਚੱਕਾ ਜਾਮ ਦੀਆਂ ਤਿਆਰੀਆਂ ਸਬੰਧੀ ਪਟਿਆਲਾ ’ਚ ਰੱਖੀ ਕਨਵੈਨਸ਼ਨ ਨੂੰ ਸਫ਼ਲ ਬਣਾਉਣ ਲਈ ਭਾਕਿਯੂ ਡਕੌਂਦਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਸਕੱਤਰ ਜਗਮੇਲ ਸਿੰਘ ਸੁਧੇਵਾਲ ਨੇ ਦੱਸਿਆ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਹੁਣ ਭਾਜਪਾ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਜਿਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਸਖ਼ਤ ਫੈਸਲੇ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਿੰਡ ਮੱਲੇਵਾਲ ਵਿੱਚ ਆਗੂਆਂ ਨੇ ਕਿਹਾ ਕਿ ਇੱਥੋਂ ਦੀਆਂ ਵੋਟ ਬਟੋਰੂ ਸਿਆਸੀ ਪਾਰਟੀਆਂ ਨੇ ਕਦੇ ਵੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਠੋਸ ਨੀਤੀ ਨਹੀਂ ਅਪਣਾਈ। ਮੀਟਿੰਗ ਦੌਰਾਨ ਸੂਬਾਈ ਕਮੇਟੀ ਮੈਂਬਰ ਰਾਮ ਸਿੰਘ ਮਟੋਰੜਾ, ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ ਕਲਾਂ, ਬਲਾਕ ਪ੍ਰਧਾਨ ਬਲਜੀਤ ਸਿੰਘ ਘਣੀਵਾਲ ਆਦਿ ਆਗੂ ਹਾਜ਼ਰ ਸਨ।