ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਅਗਸਤ
ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨੇੜਲੇ ਪਿੰਡ ਸ਼ੇਰਮਾਜਰਾ ਵਿਚ 14 ਕਰੋੜ ਦੀ ਲਾਗਤ ਨਾਲ ਨਵੇਂ ਲਗਾਏ 15 ਐਮਐਲਡੀ ਦੀ ਸਮਰੱਥਾ ਵਾਲੇ ਸੀਵਰੇਜ ਦਾ ਪਾਣੀ ਸੋਧਣ ਦੇ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੀ ਵਸੋਂ ਦਿਨੋ-ਦਿਨ ਵਧਣ ਕਰਕੇ ਪਹਿਲਾਂ, ਸ਼ੇਰਮਾਜਰਾ ਵਿਚ ਹੀ 46 ਐਮਐਲਡੀ ਤੇ ਅਬਲੋਵਾਲ ਵਿਚ 10 ਐਮਐਲਡੀ ਸਮਰੱਥਾ ਦੇ ਲੱਗੇ ਹੋਏ ਸੀਵਰੇਜ ਟ੍ਰੀਟਮੈਂਟ ਪਲਾਂਟਾਂ ’ਤੇ ਭਾਰ ਵਧ ਰਿਹਾ ਸੀ। ਇਸ ਨਵੇਂ ਐਸਟੀਪੀ ਦਾ 4.66 ਲੱਖ ਲੋਕਾਂ ਨੂੰ ਲਾਭ ਹੋਵੇਗਾ। ਸਨੌਰ ਦੇ ਲੋਕਾਂ ਨੂੰ ਵੀ ਗੰਦੇ ਪਾਣੀ ਤੋਂ ਰਾਹਤ ਦੇਣ ਲਈ ਵੱਡੀ ਨਦੀ ਦੇ ਸੁੰਦਰੀਕਰਨ ਪ੍ਰਾਜੈਕਟ ਤਹਿਤ ਹੀ 24 ਐਮਐਲਡੀ ਦਾ ਨਵਾਂ ਐਸਟੀਪੀ ਲਗਾਉਣ ਦਾ ਕੰਮ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ।
ਇਸ ਮੌਕੇ ਸਮਾਣਾ ਦੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਨੇ ਕਿਹਾ ਕਿ ਨਵਾਂ ਐਸਟੀਪੀ ਲੋਕਾਂ ਨੂੰ ਗੰਦਗੀ ਤੇ ਬਿਮਾਰੀਆਂ ਤੋਂ ਮੁਕਤੀ ਦਿਵਾਏਗਾ। ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੇ ਕਿਹਾ ਸੀਵਰੇਜ ਦਾ ਸਾਰਾ ਪਾਣੀ ਸੋਧਣ ਉਪਰੰਤ ਹੀ ਨਦੀਆਂ ’ਚ ਛੱਡਿਆ ਜਾਵੇਗਾ। ਇਸ ਮੌਕੇ ਬੀਬਾ ਜੈ ਇੰਦਰ ਕੌਰ, ਸੂਚਨਾ ਕਮਿਸ਼ਨਰ ਹਨੀ ਸੇਖੋਂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ, ਡਿਪਟੀ ਮੇਅਰ ਵਿਨਤੀ ਸੰਗਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਕੌਂਸਲਰ ਹਰਵਿੰਦਰ ਨਿੱਪੀ, ਅਤੁਲ ਜੋਸ਼ੀ, ਨਰੇਸ਼ ਦੁੱਗਲ, ਸੰਜੇ ਸ਼ਰਮਾ, ਨਿਖਿਲ ਬਾਤਿਸ਼ ਸ਼ੇਰੂ ਆਦਿ ਵੀ ਮੌਜੂਦ ਸਨ।
ਰਾਜਪੁਰਾ ’ਚ ਖੇਡ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
ਰਾਜਪੁਰਾ (ਪੱਤਰ ਪ੍ਰੇਰਕ): ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਰਾਜਪੁਰਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਤੋਹਫ਼ਾ ਦਿੰਦਿਆਂ ਸੱਤ ਏਕੜ ਜਗ੍ਹਾ ’ਤੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ ਖੇਡ ਕੰਪਲੈਕਸ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰਾਜਪੁਰਾ ਵਾਸੀਆਂ ਨੂੰ ਦੂਜਾ ਵੱਡਾ ਤੋਹਫ਼ਾ ਸੀਵਰੇਜ ਪ੍ਰਾਜੈਕਟ ਲਈ ਪਾਸ ਹੋਏ 41 ਕਰੋੜ ਰੁਪਏ ਫੰਡ ਦੇ ਰੂਪ ਵਿੱਚ ਮਿਲਿਆ ਹੈ। ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਇਸ ਅਤਿ ਆਧੁਨਿਕ ਖੇਡ ਕੰਪਲੈਕਸ ਨੂੰ ਓਲੰਪਿਕ ਖੇਡਾਂ ਵਿੱਚ ਜੇਤੂ ਖਿਡਾਰੀਆਂ ਦੇ ਸਮਰਪਿਤ ਕੀਤਾ।
ਮੁਲਾਜ਼ਮਾਂ ਨੂੰ ਜਲਦੀ ਮਿਲੇਗੀ ਖੁਸ਼ਖ਼ਬਰੀ: ਬ੍ਰਹਮ ਮਹਿੰਦਰਾ
ਪਟਿਆਲਾ (ਸਰਬਜੀਤ ਸਿੰਘ ਭੰਗੂ): ਪੰਜਾਬ ਦੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਜਲਦੀ ਹੀ ਖੁਸ਼ਖ਼ਬਰੀ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ, ਜੋ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਮੁਲਾਜ਼ਮਾਂ ਦੇ ਹੋਰ ਮਸਲਿਆਂ ਦੇ ਨਿਪਟਾਰੇ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਇਥੇ ਸਿਵਲ ਸਰਜਨ ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠੇ ‘ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠਲੇ ਵਫ਼ਦ ਨਾਲ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ਼ ਵਿਚਾਰ ਵਟਾਂਦਰਾ ਕਰਨ ਦਾ ਭਰੋਸਾ ਦਿਵਾਉਂਦਿਆਂ ਮੰਤਰੀ ਨੇ ਪੰਦਰਾਂ ਦਿਨਾਂ ਮਗਰੋਂ ਚੰਗੇ ਨਤੀਜਿਆਂ ਦੀ ਆਸ ਵੀ ਜਤਾਈ। ਇਸ ਮਗਰੋਂ ਇਨ੍ਹਾਂ ਮੁਲਾਜ਼ਮਾਂ ਨੇ ਭੁੱਖ ਹੜਤਾਲ਼ ਖ਼ਤਮ ਕਰ ਦਿੱਤੀ। ਵਫ਼ਦ ਵਿਚ ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਬਲਜਿੰਦਰ ਸਿੰਘ, ਰਾਮ ਕ੍ਰਿਸ਼ਨ, ਮਾਧੋ ਲਾਲ ਤੇ ਰਾਮ ਪ੍ਰਸਾਦ ਸਹੋਤਾ ਸ਼ਾਮਲ ਹੋਏ।