ਅਸ਼ਵਨੀ ਗਰਗ
ਸਮਾਣਾ, 14 ਫਰਵਰੀ
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਟਕਸਾਲੀ ਕਾਂਗਰਸੀ ਆਗੂਆਂ ’ਤੇ ਜਾਦੂ ਚਲਦਾ ਦਿਖਾਈ ਨਹੀਂ ਦੇ ਰਿਹਾ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਟਕਸਾਲੀ ਕਾਂਗਰਸੀ ਆਗੂ ਕੈਪਟਨ ਦੀ ਬਣਾਈ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਉਮੀਦਾਵਰ ਦੀ ਥਾਂ ਕਾਂਗਰਸੀ ਉਮੀਦਵਾਰ ਰਾਜਿੰਦਰ ਸਿੰਘ ਦੇ ਹੱਕ ਵਿੱਚ ਹੀ ਖੁੱਲ੍ਹ ਕੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ ਜਿਸ ਦਾ ਸਿੱਧਾ ਨੁਕਸਾਨ ਪੀਐੱਲਸੀ ਦੇ ਸਮਾਣਾ ਤੋਂ ਉਮੀਦਵਾਰ ਸੁਰਿੰਦਰ ਸਿੰਘ ਖੇੜਕੀ ਨੂੰ ਝੱਲਣਾ ਪੈ ਸਕਦਾ ਹੈ।
ਬੀਤੇ ਦਿਨੀਂ ਕਾਂਗਰਸੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸਮਾਣਾ ਦਾ ਦੌਰਾ ਕਰਦਿਆਂ ਕਈ ਟਕਸਾਲੀ ਕਾਂਗਰਸੀ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਕਾਂਗਰਸੀ ਆਗੂਆਂ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਖੇੜਕੀ ਦੇ ਹੱਕ ਵਿੱਚ ਤੁਰਨ ਲਈ ਆਦੇਸ਼ ਦਿੱਤੇ ਸਨ ਪ੍ਰੰਤੂ ਸ਼ਹਿਰ ਦੇ ਜ਼ਿਆਦਾਤਰ ਕਾਂਗਰਸੀ ਆਗੂਆਂ ਨੇ ਪ੍ਰਨੀਤ ਕੌਰ ਦੇ ਆਦੇਸ਼ਾਂ ’ਤੇ ਫੁੱਲ ਨਾ ਚੜ੍ਹਾਉਂਦਿਆਂ ਸੁਰਿੰਦਰ ਸਿੰਘ ਖੇੜਕੀ ਦੇ ਹੱਕ ਵਿੱਚ ਚਲਣ ਦੀ ਥਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਿੰਦਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।
ਕਾਂਗਰਸ ਹਾਈਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਆਹੁਦੇ ਤੋਂ ਉਤਾਰਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਛੱਡ ਕੇ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਣ ਅਤੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣ ਮੈਦਾਨ ਵਿੱਚ ਕੁੱਦਣ ਤੋਂ ਬਾਅਦ ਪ੍ਰਨੀਤ ਕੌਰ ਨੇ ਵੀ ਪਾਰਟੀ ਨਾਲੋਂ ਪਹਿਲਾਂ ਆਪਣੇ ਪਰਿਵਾਰ ਨਾਲ ਖੜ੍ਹਨ ਦੀ ਗੱਲ ਕਰਦਿਆਂ ਪੀਐੱਲਸੀ ਅਤੇ ਭਾਜਪਾ ਉਮੀਦਵਾਰਾਂ ਲਈ ਅੰਦਰਖਾਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਆਪਣੀ ਲੋਕ ਸਭਾ ਮੈਂਬਰੀ ਖੁੰਝਣ ਦੇ ਡਰੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਜਿਸ ਬਾਰੇ ਕਾਂਗਰਸ ਹਾਈ ਕਮਾਨ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਪ੍ਰੰਤੂ ਉਹ ਕੁੱਝ ਕਾਰਨਾਂ ਕਰਕੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਨਹੀਂ ਕੱਢ ਰਹੇ।
ਹਾਲਾਂਕਿ ਖੁਦ ਪੀਐੱਲਸੀ ਉਮੀਦਾਰ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪ੍ਰਨੀਤ ਕੌਰ ਤੋਂ ਆਸ ਸੀ ਕਿ ਉਹ ਲੰਮੇ ਸਮੇਂ ਤੋਂ ਪਟਿਆਲਾ ਤੋਂ ਸੰਸਦ ਮੈਂਬਰ ਰਹਿਣ ਦੇ ਨਾਲ ਨਾਲ ਸਮਾਣਾ ਦੇ ਕਾਂਗਰਸੀਆਂ ਵਿੱਚ ਉਨ੍ਹਾਂ ਦਾ ਚੰਗਾ ਆਧਾਰ ਰਿਹਾ ਹੈ, ਇੱਥੋਂ ਤੱਕ ਕਿ ਟਕਸਾਲੀ ਕਾਂਗਰਸੀਆਂ ਦੇ ਇੱਕ ਗੁੱਟ ਨੂੰ ਤਾਂ ਪ੍ਰਨੀਤ ਕੌਰ ਦਾ ਗੁੱਟ ਵੀ ਕਿਹਾ ਜਾਂਦਾ ਰਿਹੈ। ਜਿਸ ਕਾਰਨ ਉਹ ਸਮਾਣਾ ਦੇ ਵੱਡੀ ਗਿਣਤੀ ਟਕਸਾਲੀ ਕਾਂਗਰਸੀਆਂ ਨੂੰ ਸੁਰਿੰਦਰ ਖੇੜਕੀ ਦੇ ਹੱਕ ਵਿੱਚ ਤੋਰ ਕੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਨਾਉਣਗੇ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਪ੍ਰਨੀਤ ਕੌਰ ਦਾ ਜਾਦੂ ਵੀ ਸਮਾਣਾ ਦੇ ਕਾਂਗਰਸੀਆਂ ’ਤੇ ਠੁੱਸ ਹੋ ਗਿਆ ਹੈ ਜਿਸ ਤੋਂ ਬਾਅਦ ਸਮਾਣਾ ਵਿੱਚ ਪੀਐਲਸੀ ਉਮੀਦਾਵਰ ਲਈ ਵੱਡੀ ਮੁਸ਼ਕਲ ਖੜੀ ਹੋ ਗਈ ਹੈ।
ਕਾਂਗਰਸ ਪਾਰਟੀ ਦੇ ਸਮਾਣਾ ਤੋਂ ਉਮੀਦਵਾਰ ਰਾਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਮੁਖਾਲਫ਼ਤ ਕਰ ਰਹੀ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਸਮਾਣਾ ਦੇ ਕਾਂਗਰਸੀਆਂ ਨੇ ਦਿਖਾ ਦਿੱਤਾ ਹੈ ਕਿ ਪਾਰਟੀ ਤੋਂ ਉੱਪਰ ਕੋਈ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਹੁਣ ਛੇਤੀ ਹੀ ਸੁਰਿੰਦਰ ਖੇੜਕੀ ਵੀ ਮੈਦਾਨ ਛੱਡ ਕੇ ਭੱਜ ਜਾਵੇਗਾ।