ਪੱਤਰ ਪ੍ਰੇਰਕ
ਦੇਵੀਗੜ੍ਹ, 1 ਦਸੰਬਰ
ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਕਿਸਾਨ ਆਗੂ ਰਣਜੋਧ ਸਿੰਘ ਹਡਾਣਾ ਤੇ ਪਿੰਡ ਵਾਸੀਆਂ ਵੱਲੋਂ ਹਡਾਣਾ ਪਿੰਡ ਦੇ ਗੁਰੂ ਘਰ ਵਿਚ ਸੁਖਮਨੀ ਸਾਬ ਦੇ ਪਾਠ ਕਰ ਕੇ ਦਿੱਲੀ ਸੰਘਰਸ਼ ’ਚ ਗਈ ਸਮੂਹ ਸੰਗਤ ਦੀ ਚੜ੍ਹਦੀਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਹਡਾਣਾ ਨੇ ਦੱਸਿਆ ਕਿ ਸਾਰਾ ਦੇਸ਼ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਜਲਦ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਅੱਗੇ ਝੁਕਣਾ ਪਵੇਗਾ। ਉਨ੍ਹਾਂ ਨੇ ਆਪਣੇ ਇਲਾਕੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਘਰਸ਼ ’ਚ ਆਪਣਾ ਬਣਦਾ ਯੋਗਦਾਨ ਪਾਉਣ ਤੇ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਹਾਜ਼ਰੀ ਲਗਵਾਉਣ। ਇਸ ਮੌਕੇ ਹਰਪਾਲ ਸਿੰਘ ਹਡਾਣਾ, ਧਿਆਨ ਸਿੰਘ, ਹਰਜੀਤ ਸਿੰਘ, ਲਾਭ ਸਿੰਘ, ਹਰਕੇਸ਼ ਸਿੰਘ, ਅਜੈਬ ਸਿੰਘ, ਕਰਮਜੀਤ ਸਿੰਘ, ਜੀਤ ਸਿੰਘ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਤਾਰਾ ਚੰਦ ਆਦਿ ਹਾਜ਼ਰ ਸਨ।
‘ਸਰਕਾਰ ਕਿਸਾਨਾਂ ਤੋਂ ਮੁਆਫ਼ੀ ਮੰਗੇ’
ਪਾਤੜਾਂ (ਪੱਤਰ ਪ੍ਰੇਰਕ): ਸੁਖਵਿੰਦਰ ਕੌਰ ਹਰਿਆਉ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਦਿੱਲੀ ਜਾਣ ਵਾਲੇ ਕਿਸਾਨਾਂ ’ਤੇ ਕੇਸ ਦਰਜ ਕਰਵਾਉਣ ਦੀ ਕਾਰਵਾਈ ਨੂੰ ਕਿਸਾਨਾਂ ਦਾ ਅਪਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਜਬੂਰੀਵੱਸ ਕਿਸਾਨ ਦਿੱਲੀ ਵੱਲੇ ਚੱਲੇ ਸਨ। ਪਰ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇ ਕੇਸ ਦਰਜ ਦੀ ਕਾਰਵਾਈ ਨਾਲ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰਨ ਤੇ ਹਰਿਆਣਾ ਵਿਚ ਦਰਜ ਕੇਸ ਵਾਪਸ ਲੈਣ ਤੇ ਕਿਸਾਨਾਂ ਤੋਂ ਮੁਆਫ਼ੀ ਮੰਗਣ ਦੀ ਅਪੀਲ ਕੀਤੀ।