ਪਟਿਆਲਾ: ਇੱਥੋਂ ਦੇ ਨੌਜਵਾਨ ਪਾਵਰ ਲਿਫਟਰ ਪ੍ਰਤਾਪ ਸਿੰਘ ਨੇ ਪਾਲ ਬੋਸੀ ਕਲਾਸਿਕ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਡੈਡ ਲਿਫ਼ਟ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਅਤੇ ਬੈਂਚ ਪ੍ਰੈੱਸ ਵਿਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਵਿਸ਼ਵ ਦੀ ਸਭ ਤੋਂ ਵੱਡੀ 100 ਫ਼ੀਸਦੀ ਰਾਅ ਵਰਲਡ ਪਾਵਰ ਲਿਫ਼ਟਿੰਗ ਫੈਡਰੇਸ਼ਨ ਯੂਐੱਸਏ ਅਤੇ 100 ਫ਼ੀਸਦੀ ਰਾਅ ਪਾਵਰ ਲਿਫ਼ਟਿੰਗ ਫੈਡਰੇਸ਼ਨ ਰਜਿ. ਭਾਰਤ ਵੱਲੋਂ ਡਾ. ਮੰਗਲ ਸੈਨ ਆਡੀਟੋਰੀਅਮ ਕਰਨਾਲ (ਹਰਿਆਣਾ) ਵਿੱਚ ਦੋ ਰੋਜ਼ਾ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਅਮਰੀਕਾ, ਕੈਨੇਡਾ, ਯੂਏਈ ਅਤੇ ਇਟਲੀ ਆਦਿ 9 ਮੁਲਕਾਂ ਨੇ ਹਿੱਸਾ ਲਿਆ। 90 ਤੋਂ 100 ਵਰਗ ਕੈਟਾਗਰੀ ਵਿਚ ਪਟਿਆਲਾ ਦੇ ਪ੍ਰਤਾਪ ਸਿੰਘ ਨੇ ਡੈਡ ਲਿਫ਼ਟ ਵਿਚ ਗੋਲਡ ਮੈਡਲ ਪ੍ਰਾਪਤ ਕਰਕੇ ਇੰਟਰਨੈਸ਼ਨਲ ਪਾਵਰ ਲਿਫਟਰ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਅਤੇ ਬੈਂਚ ਪ੍ਰੈੱਸ ਵਿਚ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। -ਪੱਤਰ ਪ੍ਰੇਰਕ