ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਕਤੂਬਰ
ਪਟਿਆਲਾ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸਥਾਨਕ ਪ੍ਰਸ਼ਾਸਨ ’ਤੇ ਰਾਜ ਸਰਕਾਰ ਦੀ ਸ਼ਹਿ ’ਤੇ ਆਪਣੇ ਰਾਜਸੀ ਵਿਰੋਧੀ ਅਤੇ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਵਪਾਰੀ ਭਾਈਚਾਰੇ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਅਧਿਕਾਰਤ ਤੌਰ ’ਤੇ ਪ੍ਰਨੀਤ ਕੌਰ ਭਾਵੇਂ ਕਾਂਗਰਸ ਦੇ ਸੰਸਦ ਮੈਂਬਰ ਵਜੋਂ ਕਾਰਜਸ਼ੀਲ ਹਨ, ਪਰ ਇੱਥੋਂ ਦੇ ਮੇਅਰ ਸੰਜੀਵ ਬਿੱਟੂ ਅਤੇ ਦੋ ਦਰਜਨ ਤੋਂ ਵੱਧ ਕੌਂਸਲਰਾਂ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਨਗਰ ਨਿਗਮ ਪਟਿਆਲਾ ’ਚ ਭਾਜਪਾ ਦਾ ਕਬਜ਼ਾ ਹੋ ਗਿਆ ਹੈ। ਇਸੇ ਹਵਾਲੇ ਨਾਲ ਪ੍ਰਨੀਤ ਕੌਰ ਆਖਦੇ ਹਨ ਕਿ ਅਜਿਹੇ ਹਾਲਾਤ ਤੋਂ ਬੁਖਲਾਹਟ ’ਚ ਆਈ ‘ਆਪ’ ਸਰਕਾਰ ਵੱਲੋਂ ਵਿਰੋਧੀ ਰਾਜਸੀ ਧਿਰਾਂ ਨਾਲ ਖੜ੍ਹਨ ਵਾਲੇ ਵਪਾਰੀ ਅਤੇ ਹੋਰ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਅੱਜ ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਮੰਗ ਪੱਤਰ ਵੀ ਸੌਂਪਿਆ ਜਿਸ ਦੌਰਾਨ ਮੇਅਰ ਸਮੇਤ ਕਈ ਉਹ ਕੌਂਸਲਰ ਵੀ ਮੌਜੂਦ ਸਨ, ਜੋ ਪਿਛਲੇ ਦਿਨੀਂ ਭਾਜਪਾ ’ਚ ਸ਼ਾਮਲ ਹੋਏ ਹਨ। ਇਸ ਦੌਰਾਨ ਪ੍ਰਨੀਤ ਕੌਰ ਨੇ ਖਾਸ ਕਰਕੇ ਕੁਝ ਦੁਕਾਨਾਂ ਆਦਿ ਸੀਲ ਕਰਨ ਦਾ ਮੁੱਦਾ ਉਭਾਰਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਸਭ ਪ੍ਰਸਾਸਨ ਵੱਲੋਂ ਵਿਰੋਧੀਆਂ ਨੂੰ ਤੰਗ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਵੀ ਤਰਕ ਸੀ ਕਿ ਜੇਕਰ ਕਿਤੇ ਕੋਈ ਦੁਕਾਨ ਆਦਿ ਨਕਸ਼ੇ ਤੋਂ ਬਿਨਾਂ ਵੀ ਬਣੀ ਹੈ ਤਾਂ ਉਸ ਸਬੰਧੀ ਨਿਰਧਾਰਤ ਨਿਯਮਾਂ ਤਹਿਤ ਫੀਸ ਭਰਵਾ ਕੇ ਉਸ ਨੂੰ ਕਾਨੂੰਨ ਤੇ ਨਿਯਮਾਂ ਮੁਤਾਬਿਕ ਦਾਇਰੇ ’ਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬਦਲਾਖੋਰੀ ਦੀ ਇਸ ਕਾਰਵਾਈ ਦੌਰਾਨ 250 ਵਪਾਰਕ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਦੇ ਹਰ ਵਾਰਡ ਵਿੱਚ ਸਟਰੀਟ ਲਾਈਟਾਂ ਦੀ ਘਾਟ ਅਤੇ ਪਟਿਆਲਾ ਦੀ ਸਵੱਛਤਾ ਦਰਜਾਬੰਦੀ ਵਿੱਚ ਭਾਰੀ ਗਿਰਾਵਟ ਦਾ ਮੁੱਦਾ ਵੀ ਉਠਾਇਆ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੀ ਸਾਲ 2024 ’ਚ ਵੀ ਕੋਈ ਵਿਅਕਤੀ ਆਉਣ ਵਾਲੀਆਂ ਲੋਕ ਸਭਾ ਚੋਣਾ ਜ਼ਰੂਰ ਲੜੇਗਾ। ਇਸ ਮੌਕੇ ਜੈ ਇੰਦਰ ਕੌਰ, ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਚੁਣੇ ਹੋਏ ਕੌਂਸਲਰ ਮੌਜੂਦ ਸਨ।