ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਦਸੰਬਰ
ਪਾਵਰਕੌਮ ਦੇ ਪੰਜਾਬ ਭਰ ਦੇ ਹਜ਼ਾਰਾਂ ਜੂਨੀਅਰ ਇੰਜਨੀਅਰ ਅੱਜ ਵੀ ਸਮੂਹਿਕ ਛੁੱਟੀ ’ਤੇ ਰਹੇ ਜਿਸ ਕਾਰਨ ਉਨ੍ਹਾਂ ਦੇ ਅਧਿਕਾਰ ਖੇਤਰ ਵਾਲੇ ਬਹੁਤੇ ਕੰਮਕਾਜ ਠੱਪ ਰਹੇ। ਉਧਰ ਇਨ੍ਹਾਂ ਇੰਜਨੀਅਰਾਂ ਵੱਲੋਂ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਸਾਹਮਣੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ਼ ਅੱਜ 26ਵੇਂ ਦਿਨ ਵੀ ਜਾਰੀ ਰਹੀ ਜਿਸ ਦੌਰਾਨ ਖੰਨਾ ਸਰਕਲ ਦੀ ਪੰਜ ਮੈਂਬਰੀ ਟੀਮ ਭੁੱਖ ਹੜਤਾਲ਼ ’ਤੇ ਬੈਠੀ। ਇਸ ਸੰਘਰਸ਼ ਦੀ ਅਗਵਾਈ ਜੇ.ਈ.ਕੌਂਸਲ ਦੇ ਸੂਬਾਈ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਨੇ ਕੀਤੀ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਇੰਜ. ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਾਵਰ ਜੂਨੀਅਰ ਇੰਜਨੀਅਰਜ਼ ਦੀ ਮੁੱਢਲੀ ਤਨਖਾਹ 17450 ਰੁੁਪਏ ਹੈ। ਜਦਕਿ ਹੋਰਨਾਂ ਵਿਭਾਗਾਂ ਦੇ ਜੂਨੀਅਰ ਇੰਜਨੀਅਰਾਂ ਨੂੰ 18250 ਰੁੁਪਏ ਦੀ ਮੁੱਢਲੀ ਤਨਖਾਹ ਮਿਲ ਰਹੀ ਹੈ। ਉਹ 19770 ਰੁੁਪਏ ਤਨਖ਼ਾਹ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਮੰਗਾਂ ਪ੍ਰਤੀ ਵੀ ਮੈਨੇਜਮੈਂਟ ਸੰਜੀਦਾ ਨਹੀਂ ਹੈ ਜਿਸ ਵਿਚ ਤਰੱਕੀਆਂ ਵੀ ਸ਼ਾਮਲ ਹਨ। ਉਧਰ ਪ੍ਰਧਾਨ ਪਰਮਜੀਤ ਖੱਟੜਾ ਦਾ ਕਹਿਣਾ ਸੀ ਕਿ ਪਾਵਰਕੌਮ ਦੇ ਜੇ.ਈਜ਼ ਵੱਲੋਂ ਡੇਢ ਮਹੀਨੇ ਤੋਂ ਕਈ ਹੋਰ ਕੰਮਾਂ ਦਾ ਬਾਈਕਾਟ ਵੀ ਕੀਤਾ ਹੋਇਆ ਹੈ।