23 ’ਚੋਂ ਕਿਸੇ ਇੱਕ ਸ਼ਰਤ ਨੂੰ ਪੂਰਾ ਕਰਕੇ ’ਤੇ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਅਪੀਲ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 20 ਅਕਤੂਬਰ
ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ ਬਰਨਾਲਾ ਦੇ ਜਥਬੰਦਕ ਮੁਖੀ ਮਾਸਟਰ ਪਰਮ ਵੇਦ, ਮੀਡੀਆ ਮੁਖੀ ਸੁਖਦੇਵ ਧੂਰੀ, ਇਕਾਈ ਸੰਗਰੂਰ ਦੇ ਪਰਧਾਨ ਸੁਰਿੰਦਰ ਪਾਲ ਉੱਪਲੀ,ਮੀਡੀਆ ਮੁਖੀ ਨਿਰਮਲ ਸਿੰਘ, ਤਰਕਸ਼ੀਲ ਆਗੂ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਤਥਾ-ਕਥਿਤ ਲਾਲ ਕਿਤਾਬ ਦੇ ਜਗਤ ਪ੍ਰਸਿੱਧ ਜੋਤਸ਼ੀ ਜਗਮੋਹਨ ਦੇ ਸੰਗਰੂਰ ਆ ਕੇ ਲੋਕਾਂ ਦੀਆਂ ਹਰ ਕਿਸਮ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਬਾਰੇ ਵਿਗਿਆਨ ਦੀਆਂ ਖੋਜਾਂ ਕਾਢਾਂ ਰਾਹੀਂ ਕੀਤੀ ਜਾ ਰਹੀ ਮਸ਼ਹੂਰੀ ’ਤੇ ਪ੍ਰਤੀਕਿਰਿਆ ਪਰਗਟ ਕਰਦਿਆਂ ਚੁਣੌਤੀ ਦਿੱਤੀ ਹੈ ਕਿ ਉਹ ਤਰਕਸ਼ੀਲਾਂ ਦੀਆਂ 23 ਸ਼ਰਤਾਂ ਵਿਚੋਂ ਕਿਸੇ ਇਕ ਨੂੰ ਲੋਕਾਂ ਦੀ ਹਾਜ਼ਰੀ ਵਿੱਚ ਸ਼ਰਤਾਂ ਤਹਿਤ ਪੂਰਾ ਕਰਕੇ ਤਰਕਸ਼ੀਲਾਂ ਵੱਲੋਂ ਰੱਖਿਆ ਪੰਜ ਲੱਖ ਰੁਪਏ ਦਾ ਨਕਦ ਇਨਾਮ ਜਿੱਤੇ। ਉਨ੍ਹਾਂ ਕਿਹਾ ਕਿ ਜੋਤਿਸ਼ ਰਾਹੀਂ ਨਾ ਤਾਂ ਭਵਿੱਖ ਬਾਰੇ ਦੱਸਿਆ ਜਾ ਸਕਦਾ ਹੈ ਅਤੇ ਨਾ ਹੀ ਭਵਿੱਖ ਬਦਲਿਆ ਜਾ ਸਕਦਾ ਹੈ। ਇਹ ਗੈਰਵਿਗਿਅਨਕ ਹੈ, ਝੂਠੇ ਦਿਲਾਸਿਆਂ ਤੇ ਝੂਠ ਦਾ ਪਲੰਦਾ ਹੈ। ਸੰਕਟ ਨਿਵਾਰਨ ਦੀਆਂ ਗੱਲਾਂ ਲੁੱਟ ਤੇ ਝੂਠੇ ਦਿਲਾਸਿਆਂ ਤੋਂ ਸਿਵਾਏ ਕੁਝ ਵੀ ਨਹੀਂ। ਉਨ੍ਹਾਂ ਕਿਹਾ ਤੱਥ ਲੁਭਾਵਨੀਆਂ ਗੱਲਾਂ ਨਾਲ ਇਹ ਲੋਕਾਂ ਨੂੰ ਭਰਮਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਅੰਧਵਿਸ਼ਵਾਸ ਤੇ ਲਾਈਲਗਤਾ ਤਿਆਗ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਤੇ ਸੋਚਣ ਵਿਚਾਰਨ ਦਾ ਸੁਨੇਹਾ ਦਿੱਤਾ ਹੈ।